ਅੰਮ੍ਰਿਤਸਰ ਵਿੱਚ ਅਪਰਾਧ ਵੱਧਦਾ ਹੀ ਜਾ ਰਿਹਾ ਹੈ ਹੁਣ ਮੁੜ ਜੰਡਿਆਲਾ ਗੁਰੂ ਵਿੱਚ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਘਾਹ ਮੰਡੀ ਦੇ ਲਾਗੇ ਬਦਮਾਸ਼ਾਂ ਨੇ ਪਿਓ ਪੁੱਤ ਨੂੰ ਗੋਲੀ ਮਾਰ ਦਿੱਤੀ। ਜਿਸ ਤੋਂ ਬਾਅਦ ਦੋਹਾਂ ਨੂੰ ਜਖਮੀ ਹਾਲਤ ਵਿੱਚ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਅਤੇ ਦੌਰਾਨ ਡਾਕਟਰਾਂ ਨੇ ਪਿਓ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਕੀ ਹੈ ਮਾਮਲਾ?
ਮੁੱਢਲੀ ਜਾਣਕਾਰੀ ਮੁਤਾਬਕ ਚਮਨ ਲਾਲ ਦਾ ਕੁਝ ਨੌਜਵਾਨਾਂ ਨਾਲ ਪੁਰਾਣੀ ਰੰਜਿਸ਼ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ। ਅੱਜ ਜਦੋਂ ਕੁਝ ਨੌਜਵਾਨਾਂ ਵੱਲੋਂ ਉਸ ਨਾਲ ਕੁੱਟਮਾਰ ਕੀਤੀ ਜਾ ਰਹੀ ਸੀ ਤਾਂ ਉਸ ਦੇ ਪਿਤਾ ਲਕਸ਼ਮਣ ਦਾਸ ਨੇ ਉਸ ਨੂੰ ਛੁਡਵਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਹਮਲਾਵਰਾਂ ਨੇ ਉਨ੍ਹਾਂ ‘ਤੇ ਗੋਲ਼ੀਆਂ ਚਲਾ ਦਿੱਤੀਆਂ। ਹਮਲਾਵਰਾਂ ਵੱਲੋਂ 3 ਤੋਂ 4 ਫ਼ਾਇਰ ਕੀਤੇ ਗਏ।
ਇਨ੍ਹਾਂ ‘ਚੋਂ ਇਕ ਗੋਲ਼ੀ ਲਕਸ਼ਮਣ ਦਾਸ ਦੇ ਦਿਲ ਵਿਚ ਲੱਗੀ ਜਿਸ ਨੂੰ ਜ਼ਖ਼ਮੀ ਹਾਲਤ ਵਿਚ ਇਲਾਜ ਲਈ ਅੰਮ੍ਰਿਤਸਰ ਦੇ ਨਿਜੀ ਹਸਪਤਾਲ ਲਿਜਾਇਆ ਗਿਆ। ਉੱਥੇ ਜ਼ੇਰੇ ਇਲਾਜ ਲਕਸ਼ਮਣ ਦਾਸ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਸ ਮੌਕੇ ‘ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ।