ਫਿਰੋਜ਼ਪੁਰ ‘ਚ ਸਵੇਰੇ-ਸਵੇਰੇ ਦਰਦਨਾਕ ਹਾਦਸਾ ਵਾਪਰਿਆ ਹੈ। ਫਿਰੋਜ਼ਪੁਰ ਵਿਖੇ ਘਰੋਂ ਡਿਊਟੀ ’ਤੇ ਸਕੂਲ ਜਾ ਰਹੇ ਅਧਿਆਪਕਾਂ ਦੀ ਗੱਡੀ ਦੀ ਇੱਕ ਟਰੱਕ ਨਾਲ ਭਿਆਨਕ ਟੱਕਰ ਹੋ ਗਈ। ਇਸ ਹਾਦਸੇ ਵਿਚ ਗੱਡੀ ’ਚ ਸਵਾਰ ਤਿੰਨ ਅਧਿਆਪਕ ਗੰਭੀਰ ਜ਼ਖਮੀ ਹੋ ਗਏ ਹਨ। ਜ਼ਖ਼ਮੀਆਂ ਵਿਚ 2 ਔਰਤਾਂ ਅਤੇ ਇਕ ਪੁਰਸ਼ ਅਧਿਆਪਕ ਸ਼ਾਮਲ ਹੈ ਅਤੇ ਇਹਨਾਂ ਸਾਰੀਆਂ ਨੂੰ ਫਿਰੋਜ਼ਪੁਰ ਦੇ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਮੁਤਾਬਕ ਦੋ ਜ਼ਖਮੀ ਮਹਿਲਾ ਅਧਿਆਪਕਾਂ ਵਿਚੋਂ ਇਕ ਗਰਭਵਤੀ ਹੈ।
ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਗਨੀਮਤ ਰਹੀ ਕਿ ਇਸ ਹਾਦਸੇ ਵਿਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਦੱਸਣਯੋਗ ਹੈ ਕਿ ਦਸੰਬਰ ਮਹੀਨਾ ਚੜ੍ਹਦੇ ਹੀ ਪੰਜਾਬ ਭਰ ਵਿਚ ਸੰਘਣੀ ਧੁੰਦ ਪੈਣੀ ਸ਼ੁਰੂ ਹੋ ਗਈ ਹੈ, ਜਿਸ ਦੇ ਚੱਲਦੇ ਪੰਜਾਬ ਸਰਕਾਰ ਵਲੋਂ ਸਕੂਲਾਂ ਦਾ ਸਮਾਂ ਵੀ ਬਦਲ ਦਿੱਤਾ ਗਿਆ ਸੀ। ਇਸ ਧੁੰਦ ਕਾਰਣ ਵਾਹਨ ਚਾਲਕਾਂ ਨੂੰ ਵਧੇਰੇ ਚੌਕਸੀ ਵਰਤਣ ਦੀ ਜ਼ਰੂਰਤ ਹੈ।