ਪੰਜਾਬ ਦੇ ਪ੍ਰਿੰਸੀਪਲਾਂ ਦੀ ਕੌਮਾਂਤਰੀ ਵਿੱਦਿਅਕ ਫੇਰੀ ਤੋਂ ਬਾਅਦ ਹੁਣ ਸਰਕਾਰ ਵੱਲੋਂ ਵੱਡਾ ਫ਼ੈਸਲਾ ਲਿਆ ਗਿਆ ਹੈ. ਸਰਕਾਰ ਨੇ ਵੱਡਾ ਫ਼ੈਸਲਾ ਲੈਂਦਿਆਂ ਵਿਦਿਆਰਥਣਾਂ ਦੀ ਜਪਾਨ ਫੇਰੀ ਕਰਵਾਉਣ ਦਾ ਐਲਾਨ ਕੀਤਾ ਹੈ। ਸੂਬੇ ਦੇ ਵੱਖ-ਵੱਖ ਸਰਕਾਰੀ ਸਕੂਲਾਂ ਦੀਆਂ 11ਵੀਂ ਜਮਾਤ ਦੀਆਂ 8 ਵਿਦਿਆਰਥਣਾਂ ਨੂੰ ਮੈਰਿਟ ਦੇ ਆਧਾਰ ’ਤੇ ਜਪਾਨ-ਏਸ਼ੀਆ ਯੂਥ ਐਕਸਚੇਂਜ ਪ੍ਰੋਗਰਾਮ ਇਨ ਸਾਇੰਸ ਵਾਸਤੇ ਚੁਣਿਆ ਗਿਆ ਹੈ।
ਇਨ੍ਹਾਂ ਵਿਚੋਂ ਹਰਮਨਦੀਪ ਕੌਰ ਸਰਕਾਰੀ ਹਾਈ ਸਕੂਲ ਮੰਧਲ ਮਾਨਸਾ ਜਿਸ ਦੇ ਦਸਵੀਂ ਜਮਾਤ ਵਿਚ 99.38 ਫ਼ੀਸਦ ਅੰਕ ਸਨ ਤੋਂ ਇਲਾਵਾ ਜਸਮੀਤ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਵਾਨੀਗੜ੍ਹ 99.08 ਫ਼ੀਸਦ, ਸੰਜਨਾ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪਟਿਆਲਾ 98.92 ਫ਼ੀਸਦ,ਸਪਨਾ ਸਰਕਾਰੀ ਹਾਈ ਸਕੂਲ ਸ਼ੇਰਗੜ੍ਹ ਫ਼ਾਜ਼ਲਿਕਾ 98.46 ਫ਼ੀਸਦ, ਨਿਸ਼ਾ ਰਾਣੀ ਸਰਕਾਰੀ ਸੀਨੀਅਰ ਸੈਕੰਡਰੀ ਖੇੜਾਦੋਨਾ ਕਪੂਰਥਲਾ 98.46, ਗੁਰਵਿੰਦਰ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਮਦੋਟ 97.23, ਦੀਪਿਕਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੌੜ ਮੰਡੀ 98.46, ਖ਼ਵਾਇਸ਼ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੰਧਾਵਾ ਮਸੰਦਾਂ ਜਲੰਧਰ 98.46 ਨੂੰ ਜਪਾਨ ਫੇਰੀ ਲਈ ਚੁਣਿਆ ਗਿਆ ਹੈ।
ਇਹ ਵਿਦਿਆਰਥਣਾਂ 10 ਤੋਂ 16 ਦਸੰਬਰ ਤਕ ਸਿਖਲਾਈ ਪ੍ਰੋਗਰਾਮ ‘ਚ ਹਿੱਸਾ ਲੈਣਗੀਆਂ। ਪੰਜਾਬ ਰਾਜ ਵਿਦਿਅਕ ਖੋਜ ਤੇ ਸਿਖਲਾਈ ਪ੍ਰੀਸ਼ਦ (SCERT) ਨੇ ਇੱਕ ਪੱਤਰ ਜਾਰੀ ਕਰ ਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਪਟਿਆਲਾ, ਫਿਰੋਜ਼ਪੁਰ, ਕਪੂਰਥਲਾ, ਜਲੰਧਰ, ਬਠਿੰਡਾ, ਸੰਗਰੂਰ ਤੇ ਮਾਨਸਾ ਨੂੰ ਸੂਚਿਤ ਕੀਤਾ ਹੈ ਕਿ ਇਹ ਵਿਦਿਆਰਥਣਾਂ 8 ਦਸੰਬਰ 2023 ਨੂੰ NCERT ਕੈਂਪਸ ਨਵੀਂ ਦਿੱਲੀ ਵਿਖੇ ਓਰੀਐਂਟੇਸ਼ਨ ’ਚ ਭਾਗ ਲੈਣਗੀਆਂ। ਇਸ ਸਾਲ ਗਿਣਤੀ ’ਚ 4 ਗੁਣਾ ਵਾਧਾ ਹੋਇਆ ਹੈ ਜਿਸ ਦਾ ਖ਼ਰਚਾ ਵੀ ਸਰਕਾਰ ਕਰ ਰਹੀ ਹੈ।
ਸਿੱਖਿਆ ਵਿਭਾਗ ਨੇ ਹਦਾਇਤ ਕੀਤੀ ਹੈ ਕਿ ਜਪਾਨ ਵਿਚ ਇਸ ਵੇਲੇ ਕਾਫ਼ੀ ਠੰਢ ਹੈ ਇਸ ਲਈ ਵਿਦਿਆਰਥਣਾਂ ਨੂੰ ਗਰਮ ਕੱਪੜੇ ਨਾਲ ਲਿਜਾਣ ਲਈ ਸੂਚਨਾ ਦਿੱਤੀ ਜਾਵੇ। ਵਿਦਿਆਰਥਣਾਂ ਦੇ ਖਾਣ-ਪੀਣ ਦਾ ਵੀ ਵਿਭਾਗ ਨੇ ਪੂਰਾ ਧਿਆਨ ਰੱਖਿਆ ਹੈ ਤੇ ਹਦਾਇਤ ਕੀਤੀ ਹੈ ਕਿ ਜਪਾਨ ‘ਚ ਜ਼ਿਆਦਾਤਰ ਉਬਲ਼ੇ ਹੋਏ ਭੋਜਨ ਮਿਲਦੇ ਹਨ ਇਸ ਲਈ ਵਿਦਿਆਰਥੀ ਮੱਠੀਆਂ, ਬਿਸਕੁਟ ਤੇ ਨਾ ਖ਼ਰਾਬ ਹੋਣ ਵਾਲੇ ਬੇਕਰੀ ਪਦਾਰਥ ਲੈ ਕੇ ਜਾਣ।