ਮਿਚੌਂਗ ਤੂਫਾਨ 3 ਦਸੰਬਰ ਦੀ ਰਾਤ ਨੂੰ ਕਰੀਬ 11.30 ਵਜੇ ਚੇਨਈ ਦੇ ਤੱਟੀ ਇਲਾਕਿਆਂ ਨਾਲ ਟਕਰਾਇਆ ਸੀ ਅਤੇ ਇਸ ਤੋਂ ਬਾਅਦ 4 ਦਸੰਬਰ ਦੀ ਰਾਤ ਤੋਂ ਹੀ ਤਾਮਿਲਨਾਡੂ ਦੇ 11 ਜ਼ਿਲ੍ਹਿਆਂ ‘ਚ ਮੀਂਹ ਪੈ ਰਿਹਾ ਹੈ। ਚੱਕਰਵਾਤੀ ਤੂਫ਼ਾਨ ਮਿਚੌਂਗ ਕਾਰਨ ਰਾਜਧਾਨੀ ਚੇਨੱਈ ਸਮੇਤ ਤਾਮਿਲਨਾਡੂ ਦੇ ਕਈ ਸ਼ਹਿਰਾਂ ਵਿੱਚ ਭਾਰੀ ਮੀਂਹ ਨੇ ਤਬਾਹੀ ਮਚਾ ਦਿੱਤੀ ਹੈ। ਚਾਰੇ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ। ਸੜਕਾਂ ‘ਚ ਪਾਣੀ ਇਹਨਾਂ ਜ਼ਿਆਦਾ ਭਰਿਆ ਹੋਇਆ ਹੈ ਕਿ ਲੋਕਾਂ ਨੂੰ ਆਉਣ-ਜਾਣ ‘ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਚੇਨਈ ‘ਚ ਭਾਰੀ ਬਾਰਿਸ਼ ਕਾਰਨ 12 ਫਲਾਈਟਾਂ ਰੱਦ ਕਰ ਦਿੱਤੀਆਂ ਗਈਆਂ ਹਨ। ਉਥੇ ਹੀ ਕਈ ਟ੍ਰੇਨਾਂ ਨੂੰ ਵੀ ਰੱਦ ਕੀਤਾ ਗਿਆ ਹੈ ਨਾਲ ਹੀ ਸਕੂਲਾਂ ‘ਚ ਵੀ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ।
ਇਸ ਤੋਂ ਇਲਾਵਾ ਚੇਨਈ ‘ਚ ਭਾਰੀ ਬਾਰਿਸ਼ ਦੇ ਚਲਦੇ 8 ਲੋਕਾਂ ਦੀ ਮੌਤ ਹੋ ਗਈ ਹੈ. ਭਿਆਨਕ ਚੱਕਰਵਾਤੀ ਤੂਫਾਨ ਦੇ ਪ੍ਰਭਾਵ ਨਾਲ ਆਂਧਰਾ ਪ੍ਰਦੇਸ਼ ‘ਚ ਹੋ ਰਹੀ ਭਾਰੀ ਬਾਰਿਸ਼ ਨੂੰ ਦੇਖਦੇ ਹੋਏ ਸੂਬਾ ਸਰਕਾਰ ਨੇ 8 ਜ਼ਿਲ੍ਹਿਆਂ- ਤਿਰੁਪਤੀ, ਨੇਲੋਰ, ਪ੍ਰਕਾਸ਼ਮ, ਬਾਪਟਲਾ, ਕ੍ਰਿਸ਼ਣਾ, ਪੱਛਮੀ ਗੋਦਾਵਰੀ, ਕੋਨਸੀਮਾ ਅਤੇ ਕਾਕੀਨਾਡਾ ਲਈ ਅਲਰਟ ਜਾਰੀ ਕੀਤਾ ਹੈ। ਆਂਧਰਾ ਪ੍ਰਦੇਸ਼ ਦੇ ਮੁੱਖਮੰਤਰੀ ਵਾਈ.ਐੱਸ. ਜਗਨ ਮੋਹਨ ਰੈੱਡੀ ਵੀ ਤੂਫਾਨ ਨੂੰ ਲੈ ਕੇ ਲਗਾਤਾਰ ਬੈਠਕਾਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਬਾਪਟਲਾ ਕਲੈਕਟਰੇਟ ਨੇ ਸਥਾਨਕ ਲੋਕਾਂ ਦੀ ਸੁਰੱਖਿਆ ਅਤੇ ਰਾਹਤ ਕੰਮਾਂ ਲਈ ਹਰ ਜ਼ਰੂਰੀ ਉਪਾਅ ਕੀਤੇ ਹਨ। ਚੱਕਰਵਾਤ ਦੇ ਚਲਦੇ ਅਧਿਕਾਰੀਆਂ ਨੂੰ ਅਲਰਟ ਕਰ ਦਿੱਤਾ ਗਿਆ ਹੈ। ਨਾਲ ਹੀ 24 ਘੰਟੇ ਹਾਲਾਤ ਦੇ ਕੋਆਡੀਨੇਸ਼ਨ ਅਤੇ ਮਾਨੀਟਰਿੰਗ ਲਈ ਕੰਟਰੋਲ ਰੂਪ ਦੇ ਨਾਲ ਮੈਡੀਕਲ ਕੈਂਪ ਵੀ ਬਣਾਏ ਗਏ ਹਨ।
ਦੱਸ ਦਈਏ ਕਿ ਹੁਣ ਇਹ ਤੂਫਾਨ ਅੱਜ ਯਾਨੀ 5 ਦਸੰਬਰ ਨੂੰ ਆਂਧਰਾ ਪ੍ਰਦੇਸ਼ ‘ਚ ਐਂਟਰੀ ਕਰੇਗਾ ਜਿਸਦੇ ਚੱਲਦੇ ਉਥੇ ਵੀ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਆਂਧਰਾ ਪ੍ਰਦੇਸ਼ ‘ਚ ਤੂਫਾਨ 6 ਦਸੰਬਰ ਤਕ ਆਪਣਾ ਅਸਰ ਦਿਖਾਏਗਾ। ਉਸਤੋਂ ਬਾਅਦ 7 ਦਸੰਬਰ ਨੂੰ ਮਿਚੌਂਗ ਤੂਫਾਨ ਪੱਛਮੀ ਬੰਗਾਲ ਦੇ ਕਈ ਜ਼ਿਲ੍ਹਿਆਂ ‘ਚ ਤਬਾਹੀ ਮਚਾ ਸਕਦਾ ਹੈ ਜਿਨ੍ਹਾਂ ‘ਚ ਮੇਦਿਨੀਪੁਰ, ਝਾਡਗ੍ਰਾਮ, ਪਰਗਨਾ, ਕੋਲਕਾਤਾ, ਹਾਵੜਾ ਅਤੇ ਹੁਬਲੀ ਸ਼ਾਮਲ ਹਨ।