ਪੰਜਾਬ ਦੀ ਕਾਨੂੰਨ ਵਿਵਸਥਾ ਬੁਰੀ ਤਰਾਂ ਵਿਗੜ ਚੁੱਕੀ ਹੈ, ਕਿਸੇ ਦੇ ਮਨ ‘ਚ ਵੀ ਪੁਲਿਸ ਦਾ ਕੋਈ ਖੌਫ ਨਜ਼ਰ ਨਹੀਂ ਆ ਰਿਹਾ। ਕਦੇ ਆਇਸ ਕਰੀਮ ਨੂੰ ਲੈ ਕੇ ਲੜਾਈ ਹੋ ਜਾਂਦੀ ਹੈ ਤੇ ਕਦੇ ਕਿਸੇ ਹੋਰ ਚੀਜ਼ ਨੂੰ ਲੈ ਕੇ. ਹੁਣ ਇਸੇ ਨਾਲ ਜੁੜਿਆ ਨਵਾਂ ਮਾਮਲਾ ਫਿਰੋਜ਼ਪੁਰ ਤੋਂ ਸਾਹਮਣੇ ਆਇਆ ਹੈ. ਫਿਰੋਜ਼ਪੁਰ ਸ਼ਹਿਰ ਦੇ ਅੱਡਾ ਖਾਈ ਵਾਲਾ ਵਿਖੇ ਮੋਟਰਸਾਈਕਲ ’ਤੇ ਆਪਣੀ ਮਾਂ ਨਾਲ ਜਾ ਰਹੇ ਇਕ ਚਾਲਕ ਨੇ ਫਾਜ਼ਿਲਕਾ ਤੋਂ ਆ ਰਹੀ ਪੰਜਾਬ ਰੋਡਵੇਜ਼ ਦੀ ਬੱਸ ’ਤੇ ਇੱਟਾਂ-ਰੋੜੇ ਤੇ ਆਰੀ ਮਾਰ ਕੇ ਬੱਸ ਦੇ ਅਗਲੇ ਦੋਵੇਂ ਸ਼ੀਸ਼ੇ ਤੋੜ ਦਿੱਤੇ।
ਦੱਸ ਦਈਏ ਕਿ ਇਹ ਝਗੜਾ ਉਸ ਸਮੇਂ ਹੋਇਆ, ਜਦੋਂ ਬੱਸ ਅਚਾਨਕ ਮੋਟਰਸਾਈਕਲ ਨਾਲ ਲੱਗ ਗਈ। ਬੱਸ ਦੇ ਡਰਾਈਵਰ ਤੇ ਕੰਡਕਟਰ ਨੇ ਦੋਸ਼ ਲਾਇਆ ਕਿ ਇਕ ਵਿਅਕਤੀ ਮੋਟਰਸਾਈਕਲ ’ਤੇ ਆਪਣੀ ਮਾਤਾ ਨਾਲ ਜਾ ਰਿਹਾ ਸੀ ਕਿ ਅਚਾਨਕ ਮੋਟਰਸਾਈਕਲ ਦੇ ਨਾਲ ਥੋੜ੍ਹੀ ਜਿਹੀ ਬੱਸ ਲੱਗ ਗਈ ਅਤੇ ਗੁੱਸੇ ‘ਚ ਆਏ ਮੋਟਰਸਾਈਕਲ ਸਵਾਰ ਨੇ ਇੱਟਾਂ-ਰੋੜਿਆਂ ਨਾਲ ਬੱਸ ਦੇ ਸ਼ੀਸ਼ੇ ਤੋੜ ਦਿੱਤੇ, ਜਿਸ ਕਾਰਨ ਬੱਸ ‘ਚ ਬੈਠੇ ਯਾਤਰੀ ਸਹਿਮ ਗਏ।
ਘਟਨਾ ਸਬੰਧੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ, ਜਿਸ ਦੇ ਆਧਾਰ ‘ਤੇ ਪੁਲਸ ਮੁਲਜ਼ਮਾਂ ਦੀ ਪਛਾਣ ਕਰਨ ‘ਚ ਜੁਟੀ ਹੋਈ ਹੈ। ਬੱਸ ਚਾਲਕ ਨੇ ਦੋਸ਼ ਲਾਇਆ ਕਿ ਮੋਟਰਸਾਈਕਲ ਸਵਾਰ ਨੇ ਕੰਡਕਟਰ ਦੇ ਕੱਪੜੇ ਵੀ ਪਾੜ ਦਿੱਤੇ ਅਤੇ ਮੋਟਰਸਾਈਕਲ ’ਤੇ ਉਥੋਂ ਫਰਾਰ ਹੋ ਗਿਆ।