ਸੰਗਰੂਰ ਦੇ ਘਾਬਦਾ ‘ਚ ਮੈਰੀਟੋਰੀਅਸ ਸਕੂਲ ‘ਚ 2 ਦਸੰਬਰ ਨੂੰ ਫੂਡ ਪੁਆਇਜ਼ਨਿੰਗ ਕਾਰਨ ਬਿਮਾਰ ਹੋਏ 40 ਬੱਚਿਆ ਤੋਂ ਬਾਅਦ ਹੁਣ ਸਿੱਖਿਆ ਵਿਭਾਗ ਵੱਲੋਂ ਸਖਤ ਹੁਕਮ ਜਾਰੀ ਕੀਤੇ ਗਏ ਹਨ। ਵਿਭਾਗ ਨੇ ਸੰਗਰੂਰ ਦੀ ਘਟਨਾ ਤੋਂ ਸਬਕ ਲੈਂਦਿਆਂ ਨਿਰਦੇਸ਼ ਜਾਰੀ ਕਰਦੇ ਹੋਏ ਕਿਹਾ ਹੈ ਕਿ, “ਵਿਦਿਆਰਥੀਆਂ ਨੂੰ ਖਾਣਾ ਪਰੋਸਣ ਤੋਂ ਪਹਿਲਾਂ ਮਿਡ-ਡੇ ਮੀਲ ਸਕੀਮ ਇੰਚਾਰਜ ਤੇ ਸਕੂਲ ਮੁਖੀ ਖ਼ੁਦ ਖਾਣਾ ਖਾ ਕੇ ਚੈੱਕ ਕਰਨਗੇ। ਇਸ ਦੇ ਨਾਲ ਹੀ ਚਿਤਾਵਨੀ ਵੀ ਜਾਰੀ ਕੀਤੀ ਹੈ ਕਿ ਜੇ ਇਸ ਦੇ ਬਾਵਜੂਦ ਇਸ ਤਰ੍ਹਾਂ ਦੀ ਕੋਈ ਅਣਸੁਖਾਵੀਂ ਘਟਨਾ ਹੁੰਦੀ ਹੈ ਤਾਂ ਇਸ ਲਈ ਸਕੂਲ ਮੁਖੀ ਤੇ ਮਿਡ-ਡੇ ਮੀਲ ਇੰਚਾਰਜ ਜ਼ਿੰਮੇਵਾਰ ਹੋਣਗੇ।
2 ਦਸੰਬਰ ਨੂੰ ਘਾਬਦਾ ਦੇ ਮੈਰੀਟੋਰੀਅਸ ਸਕੂਲ ਦੇ 40 ਬੱਚੇ ਹੋਸਟਲ ਦਾ ਖਾਣਾ ਖਾਣ ਤੋਂ ਬਾਅਦ ਅਚਾਨਕ ਬਿਮਾਰ ਹੋ ਗਏ ਸਨ। ਡਾਕਟਰਾਂ ਨੇ ਦੱਸਿਆ ਕਿ ਫੂਡ ਪੁਆਇਜ਼ਨਿੰਗ ਦੀ ਵਜ੍ਹਾ ਕਰਕੇ ਬੱਚਿਆਂ ਨੇ ਢਿੱਡ ਵਿੱਚ ਦਰਦ ਅਤੇ ਉਲਟੀ ਦੀ ਸ਼ਿਕਾਇਤ ਕੀਤੀ ਸੀ। ਡਾਕਟਰ ਨੇ ਕਿਹਾ ਬੱਚਿਆਂ ਦੀ ਹਾਲਤ ਸਟੇਬਲ ਹੈ ਅਸੀਂ ਫੂਡ ਦੇ ਸੈਂਪਲ ਲੈਣ ਦੇ ਲਈ ਇੱਕ ਟੀਮ ਭੇਜੀ ਸੀ। ਉਧਰ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਇਸ ਦੇ ਖਿਲਾਫ ਸਖਤ ਐਕਸ਼ਨ ਲਿਆ ਹੈ।