ਸੰਗਰੂਰ ਤੋਂ ਬਾਅਦ ਜਲੰਧਰ ਦੇ ਸ਼ਹਿਰ ਨਕੋਦਰ ਦੇ ਸੇਂਟ ਜੂਡਜ਼ ਕਾਨਵੈਂਟ ਸਕੂਲ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਖ਼ਬਰ ਆਈ ਹੈ ਕਿ ਸਕੂਲ ‘ਚ RO ਦਾ ਪਾਣੀ ਪੀਣ ਨਾਲ 12 ਬੱਚੇ ਬਿਮਾਰ ਹੋ ਗਏ ਹਨ। ਬਿਮਾਰ ਹੋਏ ਸਾਰੇ ਬੱਚੇ 8ਵੀਂ ਅਤੇ 10ਵੀਂ ਜਮਾਤ ਦੇ ਵਿਦਿਆਰਥੀ ਹਨ। ਇਸ ਮਗਰੋਂ ਸਕੂਲ ਪ੍ਰਬੰਧਕਾਂ ਤੇ ਜ਼ਿਲ੍ਹਾ ਪ੍ਰਸਾਸ਼ਨ ਵਿੱਚ ਹਫੜਾ-ਦਫੜੀ ਮੱਚ ਗਈ ਹੈ। ਹਾਸਲ ਜਾਣਕਾਰੀ ਮੁਤਾਬਕ ਸਾਰੇ ਵਿਦਿਆਰਥੀਆਂ ਨੂੰ ਨਕੋਦਰ ਦੇ ਵੱਖ-ਵੱਖ ਨਿੱਜੀ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ। ਮੰਗਲਵਾਰ ਸਵੇਰ ਤੱਕ ਸਾਰਿਆਂ ਦੀ ਹਾਲਤ ਸੁਧਰ ਗਈ
ਦੱਸ ਦਈਏ ਕਿ ਸਾਰੇ ਬੱਚੇ ਰੋਜ਼ਾਨਾ ਦੀ ਤਰ੍ਹਾਂ ਸਕੂਲ ਵਿੱਚ ਸਨ। ਸਵੇਰੇ ਕਰੀਬ 11.30 ਵਜੇ ਜਮਾਤ ਦੇ ਕੁੱਲ 12 ਬੱਚਿਆਂ ਨੇ ਜ਼ਮੀਨ ‘ਤੇ ਲੱਗੇ ਵਾਟਰ ਕੂਲਰ ਤੋਂ ਪਾਣੀ ਪੀਤਾ। ਕੁਝ ਸਮੇਂ ਬਾਅਦ ਸਾਰਿਆਂ ਨੂੰ ਪੇਟ ਦਰਦ ਹੋਣ ਲੱਗਾ। ਜਦੋਂ ਦੁਪਹਿਰ ਤੱਕ ਬੱਚਿਆਂ ਨੂੰ ਅਸਹਿ ਦਰਦ ਹੋਣ ਲੱਗਾ ਤਾਂ ਸਕੂਲ ਵਾਲਿਆਂ ਨੇ ਸਾਰਿਆਂ ਨੂੰ ਨਿੱਜੀ ਹਸਪਤਾਲ ‘ਚ ਦਾਖਲ ਕਰਵਾਉਣਾ ਸ਼ੁਰੂ ਕਰ ਦਿੱਤਾ।
ਇਸ ਦੇ ਨਾਲ ਹੀ ਸਕੂਲ ਪ੍ਰਸ਼ਾਸਨ ਨੇ ਇਸ ਸਬੰਧੀ ਬਿਆਨ ਜਾਰੀ ਕੀਤਾ ਹੈ। ਸਕੂਲ ਦੇ ਡਾਇਰੈਕਟਰ ਫਾਦਰ ਡੇਵਿਸ ਨੇ ਕਿਹਾ ਕਿ ਉਨ੍ਹਾਂ ਦੇ ਸਕੂਲ ਵਿੱਚ ਬੱਚਿਆਂ ਦਾ ਬੀਮਾਰ ਹੋਣਾ ਬਹੁਤ ਗੰਭੀਰ ਹੈ। ਸਕੂਲ ਇਸ ਲਈ ਆਪਣੀ ਜਾਂਚ ਕਮੇਟੀ ਬਣਾ ਰਿਹਾ ਹੈ। ਜਾਂਚ ਦੇ ਆਧਾਰ ‘ਤੇ ਜੋ ਵੀ ਦੋਸ਼ੀ ਪਾਇਆ ਗਿਆ, ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ।