ਉੱਤਰ-ਪੂਰਬੀ ਰਾਜ ਮਨੀਪੁਰ ਵਿੱਚ ਇੱਕ ਵਾਰ ਫਿਰ ਹਿੰਸਾ ਭੜਕਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਵਾਰ ਅੱਤਵਾਦੀ ਸਮੂਹਾਂ ਨੇ ਸੂਬੇ ਦੇ ਤੇਂਗਨੋਉਪਲ ਜ਼ਿਲ੍ਹੇ ਨੂੰ ਨਿਸ਼ਾਨਾ ਬਣਾਇਆ ਹੈ। ਦੱਸਿਆ ਜਾ ਰਿਹਾ ਹੈ ਕਿ ਦੋ ਅੱਤਵਾਦੀ ਸਮੂਹਾਂ ਵਿਚਾਲੇ ਹੋਈ ਗੋਲੀਬਾਰੀ ‘ਚ 13 ਲੋਕਾਂ ਦੀ ਜਾਨ ਚਲੀ ਗਈ ਹੈ। ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਆਸਾਮ ਰਾਈਫਲਜ਼ ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਪੂਰੇ ਇਲਾਕੇ ਨੂੰ ਘੇਰ ਲਿਆ ਹੈ ਅਤੇ ਹੁਣ ਉਹਨਾਂ ਵੱਲੋਂ ਅੱਤਵਾਦੀਆਂ ਨੂੰ ਫੜਨ ਲਈ ਅਤੇ ਇਲਾਕੇ ‘ਚ ਸ਼ਾਂਤੀ ਕਾਇਮ ਕਰਨ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਸੁਰੱਖਿਆ ਬਲਾਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਜਿਸ ਥਾਂ ‘ਤੇ ਅੱਤਵਾਦੀਆਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ, ਉਹ ਸੁਰੱਖਿਆ ਬਲ ਦੇ ਨਜ਼ਦੀਕੀ ਟਿਕਾਣੇ ਤੋਂ ਕਰੀਬ 10 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।
ਦੱਸ ਦਈਏ ਕਿ ਮਣੀਪੁਰ ‘ਚ ਮਈ ‘ਚ ਭੜਕੀ ਹਿੰਸਾ ਅਜੇ ਵੀ ਪੂਰੀ ਤਰ੍ਹਾਂ ਨਾਲ ਸ਼ਾਂਤ ਨਹੀਂ ਹੋਈ ਹੈ। ਕੁਝ ਥਾਵਾਂ ‘ਤੇ ਹਿੰਸਾ ਦੀਆਂ ਖਬਰਾਂ ਕਾਰਨ ਪੂਰੇ ਸੂਬੇ ਦੀ ਕਾਨੂੰਨ ਵਿਵਸਥਾ ‘ਤੇ ਸਵਾਲ ਖੜ੍ਹੇ ਹੋ ਰਹੇ ਹਨ। ਗ੍ਰਹਿ ਮੰਤਰੀ ਅਮਿਤ ਸ਼ਾਹ ਖੁਦ ਮਨੀਪੁਰ ਵਿੱਚ ਸ਼ਾਂਤੀ ਕਾਇਮ ਕਰਨ ਲਈ ਮੀਟਿੰਗਾਂ ਕਰ ਰਹੇ ਹਨ। 3 ਦਸੰਬਰ ਨੂੰ, ਤੇਗਨੋਉਪਲ ਜ਼ਿਲ੍ਹੇ ਵਿੱਚ ਕੂਕੀ-ਜੋ ਆਦਿਵਾਸੀ ਸਮੂਹਾਂ ਨੇ ਭਾਰਤ ਸਰਕਾਰ ਅਤੇ UNLEF ਦਰਮਿਆਨ ਹਸਤਾਖਰ ਕੀਤੇ ਸ਼ਾਂਤੀ ਸਮਝੌਤੇ ਦਾ ਸਵਾਗਤ ਕੀਤਾ ਸੀ। ਅਜਿਹੇ ‘ਚ ਇਸ ਘਟਨਾ ਨਾਲ ਸੂਬੇ ‘ਚ ਇਕ ਵਾਰ ਫਿਰ ਤਣਾਅ ਫੈਲ ਗਿਆ ਹੈ। ਇਹ ਘਟਨਾ ਅਜਿਹੇ ਸਮੇਂ ਵਾਪਰੀ ਹੈ ਜਦੋਂ ਸੱਤ ਮਹੀਨੇ ਬਾਅਦ ਹੀ ਐਤਵਾਰ ਨੂੰ ਇੰਟਰਨੈੱਟ ਸੇਵਾਵਾਂ ‘ਤੇ ਪਾਬੰਦੀ ਹਟਾਈ ਗਈ ਸੀ। ਜਿਆਦਾ ਤਣਾਅ ਵਾਲੇ ਕੁਝ ਜ਼ਿਲ੍ਹਿਆਂ ਦੇ ਸਰਹੱਦੀ ਖੇਤਰਾਂ ਵਿੱਚ ਅਜੇ ਵੀ ਪਾਬੰਦੀਆਂ ਲਾਗੂ ਹਨ।