ਤੇਲੰਗਾਨਾ ਦੇ ਮੇਡਕ ਜ਼ਿਲ੍ਹੇ ਦੇ ਤੂਪਰਾਨ ਦੇ ਰਾਵੇਲੀ ਪਿੰਡ ਵਿੱਚ ਭਾਰਤੀ ਹਵਾਈ ਸੈਨਾ (IAF) ਦਾ ਇੱਕ Pilatus PC 7 Mk-II ਟ੍ਰੇਨਰ ਜਹਾਜ਼ ਹਾਦਸਾਗ੍ਰਸਤ ਹੋ ਗਿਆ. ਹਾਦਸੇ ਦੇ ਸਮੇਂ ਜਹਾਜ਼ ਵਿੱਚ ਇੱਕ ਟਰੇਨਰ ਪਾਇਲਟ ਅਤੇ ਇੱਕ ਟਰੇਨੀ ਪਾਇਲਟ ਮੌਜੂਦ ਸਨ। ਹਾਦਸੇ ‘ਚ ਦੋਵੇਂ ਪਾਇਲਟਾਂ ਦੀ ਮੌਤ ਹੋ ਗਈ ਹੈ। ਭਾਰਤੀ ਹਵਾਈ ਸੈਨਾ ਨੇ ਇਸ ਹਾਦਸੇ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹ ਹਾਦਸਾ ਸਵੇਰੇ 8:55 ਵਜੇ ਵਾਪਰਿਆ ਹੈ।
ਇਸ ਹਾਦਸੇ ‘ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਹੈਦਰਾਬਾਦ ਨੇੜੇ ਵਾਪਰੇ ਇਸ ਹਾਦਸੇ ਤੋਂ ਦੁਖੀ ਹਾਂ। ਇਹ ਦੁੱਖ ਦੀ ਗੱਲ ਹੈ ਕਿ ਦੋ ਪਾਇਲਟਾਂ ਦੀ ਜਾਨ ਚਲੀ ਗਈ ਹੈ। ਇਸ ਦੁੱਖ ਦੀ ਘੜੀ ਵਿੱਚ ਮੇਰੀ ਸੰਵੇਦਨਾ ਮ੍ਰਿਤਕ ਪਾਇਲਟਾਂ ਦੇ ਪਰਿਵਾਰਾਂ ਨਾਲ ਹੈ।
ਹਾਲ ਹੀ ਵਿੱਚ ਹਵਾਈ ਸੈਨਾ ਦੇ ਜਹਾਜ਼ਾਂ ਨਾਲ ਹੋਣ ਵਾਲੇ ਹਾਦਸਿਆਂ ਵਿੱਚ ਵਾਧਾ ਹੋਇਆ ਹੈ। ਇਸ ਤੋਂ ਪਹਿਲਾਂ ਜੂਨ ਵਿੱਚ ਭਾਰਤੀ ਹਵਾਈ ਸੈਨਾ ਦਾ ਇੱਕ ਕਿਰਨ ਟ੍ਰੇਨਰ ਜਹਾਜ਼ ਕਰਨਾਟਕ ਦੇ ਚਾਮਰਾਜਨਗਰ ਵਿੱਚ ਕਰੈਸ਼ ਹੋ ਗਿਆ ਸੀ। ਇਹ ਹਾਦਸਾ ਇੱਕ ਖੁੱਲ੍ਹੇ ਮੈਦਾਨ ਵਿੱਚ ਵਾਪਰਿਆ ਸੀ ਜਿਸ ਕਾਰਨ ਕਿਸੇ ਦੀ ਮੌਤ ਨਹੀਂ ਹੋਈ। ਪਾਇਲਟ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ ਹਨ।
ਇਸਦੇ ਨਾਲ ਹੀ ਇਸ ਸਾਲ ਮਈ ਵਿੱਚ, ਭਾਰਤੀ ਹਵਾਈ ਸੈਨਾ ਦਾ ਇੱਕ ਮਿਗ-21 ਲੜਾਕੂ ਜਹਾਜ਼ ਰਾਜਸਥਾਨ ਦੇ ਹਨੂੰਮਾਨਗੜ੍ਹ ਨੇੜੇ ਹਾਦਸਾਗ੍ਰਸਤ ਹੋ ਗਿਆ ਸੀ। ਇਸ ਤੋਂ ਪਹਿਲਾਂ ਮਾਰਚ ਵਿੱਚ ਮੱਧ ਪ੍ਰਦੇਸ਼ ਦੇ ਬਾਲਾਘਾਟ ਜ਼ਿਲ੍ਹੇ ਵਿੱਚ ਦੋ ਟਰੇਨੀ ਪਾਇਲਟਾਂ ਵਾਲਾ ਇੱਕ ਜਹਾਜ਼ ਹਾਦਸਾਗ੍ਰਸਤ ਹੋ ਗਿਆ ਸੀ। ਇਸ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ।