ਸ਼ਰਾਬ ਕਾਰੋਬਾਰੀ ਦੀਪ ਮਲਹੋਤਰਾ ਦੇ ਘਰ ਐਤਵਾਰ ਸ਼ਾਮ ਕਰੀਬ 6.45 ਵਜੇ ਨੂੰ ਅਣਪਛਾਤੇ ਬਦਮਾਸ਼ਾਂ ਵੱਲੋਂ ਗੋਲੀਬਾਰੀ ਕੀਤੀ ਗਈ ਹੈ. ਇਹ ਗੋਲੀਬਾਰੀ ਦਿੱਲੀ ਦੇ ਪੰਜਾਬੀ ਬਾਗ਼ ਇਲਾਕੇ ਸਥਿਤ ਉਹਨਾਂ ਦੇ ਘਰ ਦੇ ਬਾਹਰ ਕੀਤੀ ਗਈ ਹੈ. ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਸਥਾਨਕ ਪੁਲਿਸ ਵੱਲੋਂ ਮੌਕੇ ‘ਤੇ ਪਹੁੰਚ ਕੁਝ ਖਾਲੀ ਕਾਰਤੂਸ ਬਰਾਮਦ ਕੀਤੇ ਗਏ ਹਨ। ਮੁੱਢਲੀ ਪੁੱਛਗਿੱਛ ‘ਚ ਇਹ ਸਾਹਮਣੇ ਆਇਆ ਹੈ ਕਿ ਉਕਤ ਵਿਅਕਤੀ ਪੈਦਲ ਆਏ ਤੇ ਘਰ ਦੇ ਸਾਹਮਣੇ ਹਵਾ ‘ਚ ਫਾਇਰਿੰਗ ਕਰਕੇ ਫਰਾਰ ਹੋ ਗਏ। ਫਿਲਹਾਲ ਕਿਸੇ ਤਰਾਂ ਦੇ ਜਾਨੀ ਨੁਕਸਾਨ ਦੀ ਖ਼ਬਰ ਸਾਹਮਣੇ ਨਹੀਂ ਆਈ ਹੈ
ਪੁਲਿਸ ਸੂਤਰਾਂ ਦੀ ਮੰਨੀਏ ਤਾਂ ਇਸ ਤੋਂ ਪਹਿਲਾਂ ਅਕਤੂਬਰ ਮਹੀਨੇ ਫ਼ਰੀਦਕੋਟ ਵਿੱਚ ਦੀਪ ਮਲਹੋਤਰਾ ਦੇ ਠੇਕਿਆਂ ’ਤੇ ਵੀ ਗੋਲੀਬਾਰੀ ਦੀ ਘਟਨਾ ਵਾਪਰੀ ਸੀ। ਪੁਲਿਸ ਨੂੰ ਸ਼ੱਕ ਹੈ ਕਿ ਦੋਵਾਂ ਮਾਮਲਿਆਂ ਦੇ ਦੋਸ਼ੀ ਇੱਕੋ ਹੀ ਹੋ ਸਕਦੇ ਹਨ। ਇਸ ਸਬੰਧੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਦੀਆਂ ਕਈ ਟੀਮਾਂ ਬਣਾਈਆਂ ਗਈਆਂ ਹਨ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਦੱਸ ਦੇਈਏ ਕਿ ਦੀਪ ਮਲਹੋਤਰਾ ਦਾ ਨਾਂ ਦਿੱਲੀ ਅਤੇ ਪੰਜਾਬ ਦੇ ਵੱਡੇ ਸ਼ਰਾਬ ਕਾਰੋਬਾਰੀਆਂ ਵਿੱਚ ਗਿਣਿਆ ਜਾਂਦਾ ਹੈ। ਦੋਵਾਂ ਰਾਜਾਂ ਵਿੱਚ ਸ਼ਰਾਬ ਦੇ ਵੱਡੇ ਕਾਰੋਬਾਰ ’ਤੇ ਉਸ ਦੇ ਗਰੁੱਪ ਦਾ ਕੰਟਰੋਲ ਹੈ। ਉਨ੍ਹਾਂ ਦਾ ਜੱਦੀ ਘਰ ਫਰੀਦਕੋਟ ਵਿੱਚ ਹੈ। ਉਹ ਸਾਲ 2012 ਵਿੱਚ ਫਰੀਦਕੋਟ ਦੇ ਵਿਧਾਇਕ ਵੀ ਰਹਿ ਚੁੱਕੇ ਹਨ।
.