ਅੰਮ੍ਰਿਤਸਰ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਅਰਦਾਸ ਦੇ ਪੈਸਿਆਂ ਵਾਲੇ ਕਾਊਂਟਰ ਚੋਂ ਇੱਕ ਲੱਖ ਰੁਪਏ ਦੀ ਚੋਰੀ ਕਰਨ ਵਾਲੇ 4 ਦੋਸ਼ੀਆਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫ਼ਤਾਰ ਕੀਤੇ ਗਏ ਚਾਰ ਦੋਸ਼ੀਆਂ ਵਿੱਚ ਇੱਕ ਮਹਿਲਾ ਵੀ ਸ਼ਾਮਲ ਹੈ। ਅੰਮ੍ਰਿਤਸਰ ਪੁਲਿਸ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੋਸ਼ੀਆਂ ਨੂੰ ਦਿੱਲੀ ਦੇ ਜਹਾਂਗੀਪੁਰੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈਸ੍ਰੀ
ਦਰਬਾਰ ਸਾਹਿਬ ਦੇ CCTV ਕੈਮਰੇ ਵੇਖਣ ਤੋਂ ਬਾਅਦ ਪੁਲਿਸ ਵੱਲੋਂ ਹਰ ਕੈਮਰੇ ਨੂੰ ਖੰਘਾਲਿਆ ਜਾ ਰਿਹਾ ਸੀ ਜਿਸ ਤੋਂ ਪਤਾ ਲੱਗਿਆ ਕਿ ਇਹ ਆਰੋਪੀ ਟਰੇਨ ਰਾਹੀਂ ਦਿੱਲੀ ਲਈ ਰਵਾਨਾ ਹੋ ਗਏ। ਦਿੱਲੀ ਰੇਲਵੇ ਸਟੇਸ਼ਨ ਤੋਂ ਵੀ ਆਰੋਪੀਆਂ ਦੀ ਸੀਸੀਟੀਵੀ ਕੱਢੀ ਗਈ ਜਿਸ ਤੋਂ ਬਾਅਦ ਪੁਲਿਸ ਨੇ ਇਨ੍ਹਾਂ ਦਾ ਲਗਾਤਾਰ ਪਿੱਛਾ ਕੀਤਾ, ਜਿਸ ਤੋਂ ਬਾਅਦ ਇਹ ਭੱਜ ਦੌੜ ਦਿੱਲੀ ਦੇ ਜਹਾਂਗੀਰਪੁਰੀ ਜਾ ਕੇ ਖ਼ਤਮ ਹੋਈ। ਪੁਲਿਸ ਨੇ ਉੱਥੋਂ ਇਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਕੀ ਹੈ ਮਾਮਲਾ?
ਜਾਣਕਾਰੀ ਮੁਤਾਬਕ ਦੁੱਖ ਭੰਜਣੀ ਬੇਰੀ ਬਾਹੀ ਵਾਲੇ ਪਾਸੇ ਬਣੇ ਕਾਊਂਟਰ ’ਤੇ ਤਾਇਨਾਤ ਕਲਰਕ ਰਸ਼ਪਾਲ ਸਿੰਘ ਆਪਣੀ ਡਿਊਟੀ ਨਿਭਾਅ ਰਿਹਾ ਸੀ, ਇਸੇ ਦੌਰਾਨ ਉਸ ਕੋਲ ਇਕ ਔਰਤ ਤੇ ਦੋ ਵਿਅਕਤੀ ਆਏ ਤੇ ਉਹਨਾਂ ਨੇ ਰਸੀਦ ਕਟਵਾਈ ਜਦੋਂ ਕਲਰਕ ਦਾ ਧਿਆਨ ਇਕ ਵਿਅਕਤੀ ਦੇ ਪੈਸੇ ਡਿੱਗਣ ਵਾਲੇ ਪਾਸੇ ਗਿਆ ਤਾਂ ਇਸੇ ਦੌਰਾਨ ਦੂਸਰੇ ਵਿਅਕਤੀ ਨੇ ਕਾਊਂਟਰ ਦੇ ਗੱਲੇ ’ਚੋਂ ਇਕ ਲੱਖ ਰੁਪਏ 50-50 ਹਜ਼ਾਰ ਦੇ ਦੋ ਬੰਡਲ ਚੋਰੀ ਕਰ ਲਏ। ਪੈਸੇ ਕੱਢਣ ਤੋਂ ਬਾਅਦ ਤਿੰਨੋਂ ਰਫੂ ਚੱਕਰ ਹੋ ਗਏ। ਇਹ ਘਟਨਾ ਬਾਰੇ ਕਲਰਕ ਨੂੰ ਤਕਰੀਬਨ ਇਕ ਘੰਟੇ ਬਾਅਦ ਉਸ ਸਮੇਂ ਪਤਾ ਲੱਗਿਆ ਜਦੋਂ ਉਸ ਨੇ ਕੈਸ਼ ਦਾ ਮਿਲਾਨ ਕੀਤਾ ਤਾਂ ਇਕ ਲੱਖ ਰੁਪਏ ਘੱਟ ਸੀ।