ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗਬੰਦੀ ਸਮਝੌਤਾ ਖਤਮ ਹੋਣ ਦੇ ਨਾਲ ਹੀ ਫਿਰ ਤੋਂ ਲੜਾਈ ਸ਼ੁਰੂ ਹੋ ਗਈ ਹੈ। ਇਜ਼ਰਾਈਲ ਦੇ ਹੋਲਿਤ ਇਲਾਕੇ ‘ਚ ਰਾਕੇਟ ਅਲਰਟ ਜਾਰੀ ਕੀਤਾ ਗਿਆ ਹੈ। ਉੱਥੇ ਹੀ IDF ਨੇ ਹਮਾਸ ‘ਤੇ ਜੰਗਬੰਦੀ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਕਿਹਾ ਕਿ ਉਹ ਗਾਜ਼ਾ ਵਿੱਚ ਹਮਾਸ ਨੂੰ ਖ਼ਤਮ ਕਰਨ ਲਈ ਅਪਰੇਸ਼ਨ ਮੁੜ ਸ਼ੁਰੂ ਕਰ ਰਹੇ ਹਨ। ਇਸਦੇ ਨਾਲ ਹੀ ਦੱਸ ਦਈਏ ਕਿ ਹਮਾਸ ਦੇ ਹਮਲੇ ਕਾਰਨ ਇਜ਼ਰਾਈਲ ਨੇ ਉੱਤਰੀ ਇਜ਼ਰਾਈਲ ਦੇ 2 ਹਾਈਵੇਅ ਬੰਦ ਕਰ ਦਿੱਤੇ ਹਨ।
ਹਮਾਸ ਨੇ ਕਿਹਾ ਹੈ ਕਿ ਇਜ਼ਰਾਈਲ ਨੇ ਸਵੇਰੇ ਰਾਫਾ ਨੇੜੇ ਬੰਬਾਰੀ ਕੀਤੀ। ਇਸ ਵਿੱਚ ਦਰਜਨਾਂ ਫਲਸਤੀਨੀਆਂ ਦੀ ਮੌਤ ਹੋ ਗਈ। ਇਸਦੇ ਨਾਲ ਹੀ ਕਿਹਾ ਜਾ ਰਿਹਾ ਹੈ ਕਿ ਜੰਗਬੰਦੀ ਦੇ 3 ਘੰਟਿਆਂ ਦੇ ਅੰਦਰ 32 ਫਲਸਤੀਨੀ ਮਾਰੇ ਗਏ ਹਨ। ਇਨ੍ਹਾਂ ਵਿੱਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ। ਜ਼ਿਕਰਯੋਗ ਹੈ ਕਿ 7 ਅਕਤੂਬਰ ਨੂੰ ਹਮਾਸ ਨੇ ਇਜ਼ਰਾਈਲ ‘ਤੇ ਅਚਾਨਕ ਹਮਲਾ ਕਰ ਦਿੱਤਾ ਸੀ, ਜਿਸ ‘ਚ ਕਰੀਬ 1400 ਲੋਕ ਮਾਰੇ ਗਏ ਸਨ। ਇਸ ਦੇ ਨਾਲ ਹੀ ਹਮਾਸ ਦੇ ਨੇ 240 ਲੋਕਾਂ ਨੂੰ ਬੰਧਕ ਬਣਾ ਲਿਆ ਸੀ। ਇਸ ਹਮਲੇ ਤੋਂ ਬਾਅਦ ਹੀ ਇਜ਼ਰਾਇਲ ਹਮਾਸ ਦੇ ਟਿਕਾਣਿਆਂ ‘ਤੇ ਹਮਲੇ ਕਰ ਰਿਹਾ ਹੈ, ਜਿਸ ‘ਚ 5000 ਤੋਂ ਜ਼ਿਆਦਾ ਲੋਕ ਮਾਰੇ ਜਾ ਚੁੱਕੇ ਹਨ। ਹਾਲਾਂਕਿ ਪਿਛਲੇ ਸ਼ੁੱਕਰਵਾਰ ਨੂੰ ਦੋਵਾਂ ਵਿਚਾਲੇ ਚਾਰ ਦਿਨ ਦੀ ਜੰਗਬੰਦੀ ਨੂੰ ਲੈ ਕੇ ਸਮਝੌਤਾ ਹੋਇਆ ਸੀ। ਜੋ ਕੁੱਲ ਸੱਤ ਦਿਨ ਚੱਲਿਆ।