ਵਨ ਡੇ ਵਿਸ਼ਵ ਕੱਪ ਵਿਚ ਰੋਹਿਤ ਸ਼ਰਮਾ ਦੀ ਕਪਤਾਨੀ ਤੋਂ ਪ੍ਰਭਾਵਿਤ ਸਾਬਕਾ ਕਪਤਾਨ ਸੌਰਭ ਗਾਂਗੁਲੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸ ਨੂੰ ਘੱਟ ਤੋਂ ਘੱਟ ਅਗਲੇ ਸਾਲ ਟੀ-20 ਵਿਸ਼ਵ ਕੱਪ ਤਕ ਭਾਰਤ ਦਾ ਕਪਤਾਨ ਬਣਿਆ ਰਹਿਣਾ ਚਾਹੀਦਾ ਹੈ। ਰੋਹਿਤ ਦੀ ਕਪਤਾਨੀ ਵਿਚ ਭਾਰਤੀ ਟੀਮ ਲਗਾਤਾਰ 10 ਮੈਚ ਜਿੱਤ ਕੇ ਵਿਸ਼ਵ ਕੱਪ ਦੇ ਫਾਈਨਲ ਵਿਚ ਪਹੁੰਚੀ ਸੀ, ਜਿੱਥੇ ਉਸ ਨੂੰ ਆਸਟ੍ਰੇਲੀਆ ਹੱਥੋਂ 6 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਰੋਹਿਤ ਤੇ ਵਿਰਾਟ ਕੋਹਲੀ ਨੇ 10 ਦਸੰਬਰ ਤੋਂ ਦੱਖਣੀ ਅਫਰੀਕਾ ਵਿਚ ਹੋਣ ਵਾਲੀ ਸੀਮਤ ਓਵਰਾਂ ਦੀ ਲੜੀ ਤੋਂ ਬ੍ਰੇਕ ਲਈ ਹੈ। ਗਾਂਗੁਲੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਦੋਵਾਂ ਨੂੰ ਆਰਾਮ ਦੀ ਲੋੜ ਹੈ ਤਾਂ ਕਿ ਅੱਗੇ ਦੇ ਰੁਝੇਵੇਂ ਭਰੇ ਪ੍ਰੋਗਰਾਮ ਲਈ ਤਰੋਤਾਜ਼ਾ ਰਹੇ।