ਸੰਗਰੂਰ ਦੇ ਘਾਵਦਾ ‘ਚ ਬਣੇ ਮੈਰੀਟੋਰੀਅਸ ਸਕੂਲ ‘ਚ ਦੂਸ਼ਿਤ ਖਾਣਾ ਖਾਣ ਤੋਂ ਬਾਅਦ 40 ਵਿਦਿਆਰਥੀਆਂ ਦੀ ਸਿਹਤ ਵਿਗੜਣ ‘ਤੇ ਪ੍ਰਸ਼ਾਸਨ ਵੱਲੋਂ ਸਕੂਲ ‘ਚ 5 ਦਿਨਾਂ ਦੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਦੱਸ ਦਈਏ ਕਿ ਭਵਾਨੀਗੜ੍ਹ ਨੇੜੇ ਸਥਿਤ ਘਾਬਦਾ ’ਚ ਬਣੇ ਮੈਰੀਟੋਰੀਅਸ ਸਕੂਲ ’ਚ ਖਾਣਾ ਖਾਣ ਤੋਂ ਬਾਅਦ ਬੱਚਿਆਂ ਦੀ ਸਿਹਤ ਅਚਾਨਕ ਖਰਾਬ ਹੋ ਗਈ। ਜਿਸ ਕਾਰਣ 40 ਦੇ ਕਰੀਬ ਬੱਚਿਆਂ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ। ਸਕੂਲ ਵਿਚ ਖਾਣਾ ਖਾਣ ਤੋਂ ਬਾਅਦ ਬੱਚੇ ਬਿਮਾਰ ਹੋ ਗਏ। ਜਾਣਕਾਰੀ ਮੁਤਾਬਕ ਬੱਚਿਆਂ ਨੂੰ ਸਰਕਾਰੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ।
ਘਟਨਾ ਤੋਂ ਬਾਅਦ ਸੰਗਰੂਰ ਦੇ ਐੱਸ. ਡੀ. ਐੱਮ ਅਤੇ ਵਿਧਾਇਕ ਨਰਿੰਦਰ ਕੌਰ ਭਰਾਜ ਸਣੇ ਹੋਰ ਅਧਿਕਾਰੀ ਭਰਾਜ ਸਕੂਲ ਪਹੁੰਚੇ ਅਤੇ ਹਾਲਾਤ ਦਾ ਜਾਇਜ਼ਾ ਲਿਆ। ਜਿਵੇਂ ਹੀ ਬੱਚਿਆਂ ਦੀ ਸਿਹਤ ਖ਼ਰਾਬ ਹੋਣ ਦੀ ਖ਼ਬਰ ਮਾਪਿਆਂ ਨੂੰ ਮਿਲੀ ਤਾਂ ਮਾਪੇ ਤੁਰੰਤ ਸਕੂਲ ਆ ਗਏ। ਕੁੱਝ ਦੇਰ ਲਈ ਬੱਚਿਆਂ ਦੇ ਮਾਪਿਆਂ ਨੂੰ ਸਕੂਲ ਦੇ ਮੁੱਖ ਗੇਟ ’ਤੇ ਹੀ ਰੋਕੀ ਰੱਖਿਆ ਗਿਆ ਅਤੇ ਸਕੂਲ ਪ੍ਰਸ਼ਾਸਨ ਵੱਲੋਂ ਸਕੂਲ ਦੇ ਦੋਵੇਂ ਗੇਟ ਬੰਦ ਕਰ ਦਿੱਤੇ। ਐੱਸ. ਡੀ. ਐੱਮ. ਅਤੇ ਵਿਧਾਇਕ ਨਰਿੰਦਰ ਕੌਰ ਭਰਾਜ ਦੇ ਪਹੁੰਚਣ ਤੋਂ ਬਾਅਦ ਗੇਟ ਖੋਲ੍ਹਿਆ ਗਿਆ ਅਤੇ ਮਾਪਿਆਂ ਨੂੰ ਜਾਣਕਾਰੀ ਦੇ ਕੇ ਸ਼ਾਂਤ ਕਰਵਾਇਆ ਗਿਆ। ਫਿਲਹਾਲ ਬੱਚਿਆਂ ਦੀ ਹਾਲਤ ਵਿਚ ਕਾਫੀ ਸੁਧਾਰ ਹੈ।
ਇਹ ਵੀ ਪਤਾ ਲੱਗਾ ਹੈ ਕਿ ਤੁਰੰਤ ਪ੍ਰਭਾਵ ਨਾਲ ਟੈਂਡਰ ਨੂੰ ਸਸਪੈਂਡ ਕੀਤਾ ਗਿਆ ਹੈ। ਜਦਕਿ ਬੱਚਿਆਂ ਦੇ ਮਾਪਿਆਂ ਤੋਂ ਪੰਜ ਦਿਨ ਦਾ ਸਮਾਂ ਮੰਗਿਆ ਗਿਆ ਹੈ। ਇਸ ਮਾਮਲੇ ਵਿਚ ਜਿਹੜਾ ਵੀ ਦੋਸ਼ੀ ਪਾਇਆ ਜਾਵੇਗਾ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੇ ਜਾਣ ਦੀ ਗੱਲ ਆਖੀ ਜਾ ਰਹੀ ਹੈ।