ਦਿੱਲੀ ਆਬਕਾਰੀ ਨੀਤੀ ਮਾਮਲੇ ‘ਚ ED ਨੇ ਸ਼ਨੀਵਾਰ ਨੂੰ ਰਾਊਜ਼ ਐਵੇਨਿਊ ਕੋਰਟ ‘ਚ ਸੰਜੇ ਸਿੰਘ ਖਿਲਾਫ ਚਾਰਜਸ਼ੀਟ ਦਾਇਰ ਕੀਤੀ ਹੈ। ਈਡੀ ਦੀ ਚਾਰਜਸ਼ੀਟ 60 ਪੰਨਿਆਂ ਦੀ ਹੈ। ਦੱਸ ਦਈਏ ਕਿ ਦਿੱਲੀ ਦੀ ਰਾਉਸ ਐਵੇਨਿਊ ਅਦਾਲਤ 6 ਦਸੰਬਰ ਨੂੰ ਦੁਪਹਿਰ 2 ਵਜੇ ਇਸ ‘ਤੇ ਸੁਣਵਾਈ ਕਰੇਗੀ। ਚਾਰਜਸ਼ੀਟ 6 ਦਸੰਬਰ ਨੂੰ ਵਿਸ਼ੇਸ਼ ਜੱਜ ਐਮ ਕੇ ਨਾਗਪਾਲ ਦੇ ਸਾਹਮਣੇ ਦਰਜ ਹੋਵੇਗੀ।ਆਪ ਪਾਰਟੀ ਦੇ ਨੇਤਾ ਸੰਜੇ ਸਿੰਘ ਨੂੰ ED ਨੇ ਅਕਤੂਬਰ 2023 ਵਿੱਚ ਕਈ ਘੰਟਿਆਂ ਤੱਕ ਪੁੱਛਗਿੱਛ ਤੋਂ ਬਾਅਦ ਗ੍ਰਿਫਤਾਰ ਕੀਤਾ ਸੀ। ਉਦੋਂ ਤੋਂ ਸੰਜੇ ਸਿੰਘ ਤਿਹਾੜ ਜੇਲ ‘ਚ ਬੰਦ ਹਨ। ਉਸ ਨੇ ਰਾਊਜ਼ ਐਵੇਨਿਊ ਕੋਰਟ, ਦਿੱਲੀ ਹਾਈ ਕੋਰਟ ਅਤੇ ਸੁਪਰੀਮ ਕੋਰਟ ਵਿੱਚ ਜ਼ਮਾਨਤ ਲਈ ਪਟੀਸ਼ਨਾਂ ਦਾਇਰ ਕੀਤੀਆਂ ਸਨ ਪਰ ਹੁਣ ਤੱਕ ਉਸ ਨੂੰ ਇਸ ਵਿੱਚ ਸਫ਼ਲਤਾ ਨਹੀਂ ਮਿਲੀ।
ਕੀ ਹੈ ਮਾਮਲਾ?
ਦੱਸ ਦਈਏ ਕਿ ਦਿੱਲੀ ਸ਼ਰਾਬ ਨੀਤੀ ਮਾਮਲੇ ‘ਚ ‘ਆਪ’ ਨੇਤਾ ਸੰਜੇ ਸਿੰਘ ਨੂੰ ਈਡੀ ਨੇ ਗ੍ਰਿਫਤਾਰ ਕੀਤਾ ਸੀ। 24 ਨਵੰਬਰ ਨੂੰ ਈਡੀ ਨੇ ਰਾਉਸ ਐਵੇਨਿਊ ਕੋਰਟ ਨੂੰ ਦੱਸਿਆ ਸੀ ਕਿ ਇਸ ਮਾਮਲੇ ਵਿੱਚ ਜਲਦੀ ਹੀ ਇੱਕ ਸਪਲੀਮੈਂਟਰੀ ਚਾਰਜਸ਼ੀਟ ਦਾਇਰ ਕੀਤੀ ਜਾਵੇਗੀ। ਈਡੀ ਦੇ ਵਕੀਲ ਦੀ ਮੰਗ ‘ਤੇ ਦਿੱਲੀ ਦੀ ਅਦਾਲਤ ਨੇ ਸੰਜੇ ਸਿੰਘ ਨੂੰ ਜੇਲ੍ਹ ‘ਚ ਇਲੈਕਟ੍ਰਾਨਿਕ ਕੇਤਲੀ ਦੇਣ ਦੀ ਇਜਾਜ਼ਤ ਦੇ ਦਿੱਤੀ ਅਤੇ ਉਸ ਦੀ ਹਿਰਾਸਤ 4 ਦਸੰਬਰ ਤੱਕ ਵਧਾ ਦਿੱਤੀ। ਅਦਾਲਤ ਨੇ ਈਡੀ ਤੋਂ ਪੁੱਛਿਆ ਕਿ ਚਾਰਜਸ਼ੀਟ ਕਦੋਂ ਦਾਇਰ ਕੀਤੀ ਜਾਵੇਗੀ। ਈਡੀ ਦੇ ਵਕੀਲ ਨੇ ਕਿਹਾ ਸੀ ਕਿ ਚਾਰਜਸ਼ੀਟ 1 ਜਾਂ 2 ਦਸੰਬਰ 2023 ਤੱਕ ਦਾਇਰ ਕਰ ਦਿੱਤੀ ਜਾਵੇਗੀ।