ਸਰਦੀਆਂ ਦਾ ਮੌਸਮ ਸ਼ੁਰੂ ਹੋ ਗਿਆ. ਮੌਸਮ ‘ਚ ਬਦਲਾਅ ਕਾਰਨ ਬਿਮਾਰੀਆਂ ਨੇ ਦਸਤਕ ਦੇਣਾ ਸ਼ੁਰੂ ਕਰ ਦਿੱਤਾ ਹੈ. ਕੁਝ ਮਹੀਨੇ ਪਹਿਲਾਂ ਵਾਇਰਲ ਅਤੇ ਅੱਖਾਂ ਦੇ ਫਲੂ ਨੇ ਸਾਰਿਆਂ ਨੂੰ ਪਰੇਸ਼ਾਨ ਕੀਤਾ ਹੋਇਆ ਸੀ। ਪਰ ਹੁਣ SWINE FLU ਦਾ ਖ਼ਤਰਾ ਕਾਫੀ ਮੰਡਰਾ ਰਿਹਾ ਹੈ।ਸੀਂ ਇਹ ਇਸ ਲਈ ਕਹਿ ਰਹੇ ਹਾਂ ਕਿਉਂਕਿ ਪੰਜਾਬ ਵਿੱਚ ਸਵਾਈਨ ਫਲੂ ਬਾਰੇ ਇੱਕ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਦਰਅਸਲ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਨੇ ਸ਼ੁੱਕਰਵਾਰ ਨੂੰ ਸੂਬੇ ਵਿੱਚ ਸਥਿਤੀ ਦਾ ਜਾਇਜ਼ਾ ਲਿਆ ਅਤੇ ਬਿਮਾਰੀਆਂ ਦੀ ਰੋਕਥਾਮ ਤੇ ਕਾਬੂ ਪਾਉਣ ਲਈ ਚੁੱਕੇ ਜਾਣ ਵਾਲੇ ਕਦਮਾਂ ਦੀ ਸੂਚੀ ਸੁਝਾਈ।
ਡਾ.ਬਲਬੀਰ ਸਿੰਘ ਨੇ ਦੱਸਿਆ ਕਿ Influenza A H1N1/H3N2 ਪੰਜਾਬ ਵਿੱਚ ਮਹਾਂਮਾਰੀ ਰੋਗ ਐਕਟ ਅਧੀਨ ਇੱਕ ਨੋਟੀਫਾਈਡ ਬਿਮਾਰੀ ਹੈ ਅਤੇ ਇਸ ਸਬੰਧੀ ਪਹਿਲਾਂ ਹੀ ਨੋਟੀਫਿਕੇਸ਼ਨ ਜਾਰੀ ਕੀਤਾ ਜਾ ਚੁੱਕਾ ਹੈ। ਉਨ੍ਹਾਂ ਅੱਗੇ ਕਿਹਾ, “ਜੇਕਰ ਕਿਸੇ ਵੀ ਮਰੀਜ਼ ‘ਚ ਸਵਾਈਨ ਫਲੂਦੇ ਲੱਛਣ ਹਨ ਤਾਂ ਉਸ ਮਰੀਜ਼ ਨੂੰ ਵੱਖ ਰੱਖਕੇ ਇਲਾਜ ਕੀਤਾ ਜਾਵੇ ਅਤੇ ਉਹਦੇ ਲੋੜੀਂਦੇ ਟੈਸਟ ਕੀਤੇ ਜਾਣ,” । ਸੂਬੇ ਦੇ ਲੋਕਾਂ ਨੂੰ ਵਿਸ਼ਵ ਪੱਧਰੀ ਸਿਹਤ ਸਹੂਲਤਾਂ ਯਕੀਨੀ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਮੰਤਰੀ ਨੇ ਭਰੋਸਾ ਦਿੱਤਾ ਕਿ ਵਿਭਾਗ ਕੋਲ ਦਵਾਈਆਂ ਦਾ ਢੁੱਕਵਾਂ ਸਟਾਕ ਮੌਜੂਦ ਹੈ ਅਤੇ ਅਸੀਂ ਕਿਸੇ ਵੀ ਅਣਸੁਖਾਵੀਂ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ।