ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ CM ਭਗਵੰਤ ਮਾਨ ਅੱਜ ਗੁਰਦਾਸਪੁਰ ਵਿਚ 14.92 ਕਰੋੜ ਰੁਪਏ ਦੀ ਲਾਗਤ ਨਾਲ 6 ਏਕੜ ਵਿਚ ਬਣੇ ਬਾਬਾ ਬੰਦਾ ਸਿੰਘ ਬਹਾਦੁਰ ਅੰਤਰਰਾਜੀ ਬੱਸ ਟਰਮੀਨਲ ਤੇ ਰੇਲਵੇ ਅੰਡਰ ਪਾਸ ਦਾ ਉਦਘਾਟਨ ਕਰਨਗੇ। ਇਸ ਦੇ ਨਾਲ ਹੀ ਲੋਕ ਸਭਾ ਹਲਕੇ ਨੂੰ 1854 ਕਰੋੜ ਰੁਪਏ ਦੀਆਂ ਯੋਜਨਾਵਾਂ ਦੀ ਵੀ ਸ਼ੁਰੂਆਤ ਕਰਨਗੇ।
ਬਟਾਲਾ ਤੋਂ ਵਿਧਾਇਕ ਤੇ ਆਮ ਆਦਮੀ ਪਾਰਟੀ ਦੇ ਸੂਬਾ ਉਪ ਪ੍ਰਧਾਨ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੇ ਕਿਹਾ ਮੁੱਖ ਮੰਤਰੀ ਮਾਨ ਤੇ ਅਰਵਿੰਦ ਕੇਜਰੀਵਾਲ ਅੱਜ ਗੁਰਦਾਸਪੁਰ ਵਿਚ ਵਿਕਾਸ ਕ੍ਰਾਂਤੀ ਦੀ ਨਵੀਂ ਸ਼ੁਰੂਆਤ ਕਰਨਗੇ। ਗੁਰਦਾਸਪੁਰ ਤੇ ਪਠਾਨਕੋਟ ਲਈ ਇਹ ਇਤਿਹਾਸਕ ਪਲ ਹੈ। ਵੱਡੀ ਗਿਣਤੀ ਵਿਚ ਲੋਕ ਆਪਣੇ ਲੋਕਪ੍ਰਿਯ ਨੇਤਾਵਾਂ ਨੂੰ ਸੁਣਨ ਤੇ ਇਤਿਹਾਸਕ ਪਲਾਂ ਦੇ ਗਵਾਹ ਬਣਨ ਲਈ ਰੈਲੀ ਵਿਚ ਪਹੁੰਚਣਗੇ। ਉਹਨਾਂ ਕਿਹਾ ਕਿਬ ਰੈਲੀ ਦੀਆਂ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਮਾਨ ਸਰਕਾਰ ਦੇ ਵਿਕਾਸ ਵੱਲ ਵਧਦੇ ਕਦਮ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਵਿਚ ਸਹਾਇਕ ਹੋਣਗੇ।