ਕੁਝ ਸਮੇ ਤੋਂ ਸਮਲਿੰਗੀ ਵਿਆਹ ਨੂੰ ਲੇ ਕੇ ਕਾਫੀ ਚਰਚਾ ਚੱਲ ਰਹੀ ਸੀ, ਹੁਣ ਇਸੇ ਵਿਚਕਾਰ ਨੇਪਾਲ ਸਮਲਿੰਗੀ ਵਿਆਹ ਰਜਿਸਟਰ ਕਰਨ ਵਾਲਾ ਦੱਖਣੀ ਏਸ਼ੀਆ ਦਾ ਪਹਿਲਾ ਦੇਸ਼ ਬਣ ਗਿਆ ਹੈ। ਦਰਅਸਲ, ਬਲੂ ਡਾਇਮੰਡ ਸੋਸਾਇਟੀ ਨਾਂ ਦੀ ਸੰਸਥਾ ਦੇ ਪ੍ਰਧਾਨ ਸੰਜੀਬ ਗੁਰੰਗ ਮੁਤਾਬਕ 35 ਸਾਲਾ ਟਰਾਂਸਜੈਂਡਰ ਮਾਇਆ ਗੁਰੂੰਗ ਅਤੇ 27 ਸਾਲਾ ਸਮਲਿੰਗੀ ਸੁਰਿੰਦਰ ਪਾਂਡੇ ਨੇ ਕਾਨੂੰਨੀ ਤੌਰ ‘ਤੇ ਵਿਆਹ ਕਰਵਾ ਲਿਆ ਹੈ। ਉਨ੍ਹਾਂ ਦਾ ਵਿਆਹ ਪੱਛਮੀ ਨੇਪਾਲ ਦੇ ਲਾਮਜੁੰਗ ਜ਼ਿਲ੍ਹੇ ਦੀ ਦੋਰਡੀ ਗ੍ਰਾਮੀਣ ਨਗਰਪਾਲਿਕਾ ਵਿਚ ਰਜਿਸਟਰਡ ਕੀਤਾ ਗਿਆ ਹੈ। ਪਰਿਵਾਰ ਦੀ ਸਹਿਮਤੀ ਨਾਲ ਪਰੰਪਰਾਗਤ ਤਰੀਕੇ ਨਾਲ ਵਿਆਹ ਕਰਵਾਉਣ ਵਾਲੇ ਸੁਰਿੰਦਰ ਅਤੇ ਮਾਇਆ ਪਿਛਲੇ ਛੇ ਸਾਲਾਂ ਤੋਂ ਪਤੀ-ਪਤਨੀ ਵਜੋਂ ਇਕੱਠੇ ਰਹਿ ਰਹੇ ਹਨ।
ਦੱਸ ਦਈਏ ਕਿ ਨੇਪਾਲ ਦੀ ਸੁਪਰੀਮ ਕੋਰਟ ਨੇ ਪੰਜ ਮਹੀਨੇ ਪਹਿਲਾਂ ਸਮਲਿੰਗੀ ਵਿਆਹ ਨੂੰ ਕਾਨੂੰਨੀ ਮਾਨਤਾ ਦਿਤੀ ਸੀ। ਬਲੂ ਡਾਇਮੰਡ ਸੁਸਾਇਟੀ ਸੰਸਥਾ ਨੇਪਾਲ ਵਿਚ ਟਰਾਂਸਜੈਂਡਰਾਂ ਦੇ ਅਧਿਕਾਰਾਂ ਅਤੇ ਭਲਾਈ ਲਈ ਕੰਮ ਕਰਦੀ ਹੈ। ਸੰਜੀਬ ਗੁਰੰਗ ਨੇ ਕਿਹਾ ਕਿ ਇਹ ਨਾ ਸਿਰਫ ਨੇਪਾਲ ਬਲਕਿ ਪੂਰੇ ਦੱਖਣੀ ਏਸ਼ੀਆ ‘ਚ ਆਪਣੀ ਤਰ੍ਹਾਂ ਦਾ ਪਹਿਲਾ ਮਾਮਲਾ ਹੈ ਅਤੇ ਅਸੀਂ ਇਸ ਫੈਸਲੇ ਦਾ ਸਵਾਗਤ ਕਰਦੇ ਹਾਂ। ਨੇਪਾਲ ਦੇ ਤੀਜੇ ਲਿੰਗ ਭਾਈਚਾਰੇ ਲਈ ਇਹ ਵੱਡੀ ਪ੍ਰਾਪਤੀ ਹੈ।
ਇੰਨਾ ਹੀ ਨਹੀਂ ਉਨ੍ਹਾਂ ਨੇ ਕਿਹਾ ਕਿ ਅਜਿਹੇ ਬਹੁਤ ਸਾਰੇ ਜੋੜੇ ਅਪਣੀ ਪਛਾਣ ਅਤੇ ਅਧਿਕਾਰਾਂ ਤੋਂ ਬਿਨਾਂ ਰਹਿ ਰਹੇ ਹਨ ਅਤੇ ਇਸ ਨਾਲ ਉਨ੍ਹਾਂ ਨੂੰ ਕਾਫੀ ਮਦਦ ਮਿਲੇਗੀ। ਹੁਣ ਇਸ ਭਾਈਚਾਰੇ ਦੇ ਹੋਰ ਲੋਕਾਂ ਲਈ ਵੀ ਅਪਣੇ ਵਿਆਹ ਨੂੰ ਕਾਨੂੰਨੀ ਰੂਪ ਦੇਣ ਦਾ ਦਰਵਾਜ਼ਾ ਖੁੱਲ੍ਹ ਗਿਆ ਹੈ। ਹੁਣ ਉਹ ਅਸਥਾਈ ਤੌਰ ‘ਤੇ ਅਪਣਾ ਵਿਆਹ ਰਜਿਸਟਰ ਕਰਵਾ ਸਕਣਗੇ ਅਤੇ ਲੋੜੀਂਦਾ ਕਾਨੂੰਨ ਬਣਨ ਤੋਂ ਬਾਅਦ ਇਸ ਨੂੰ ਸਥਾਈ ਮਾਨਤਾ ਮਿਲ ਜਾਵੇਗੀ।
ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਸਾਲ 2007 ਵਿਚ ਹੀ ਨੇਪਾਲ ਦੀ ਸੁਪਰੀਮ ਕੋਰਟ ਨੇ ਸਮਲਿੰਗੀ ਵਿਆਹ ਦੀ ਇਜਾਜ਼ਤ ਦੇ ਦਿਤੀ ਸੀ। 2015 ਵਿਚ ਅਪਣਾਏ ਗਏ ਨੇਪਾਲ ਦੇ ਸੰਵਿਧਾਨ ਵਿਚ ਵੀ ਸਪੱਸ਼ਟ ਕਿਹਾ ਗਿਆ ਹੈ ਕਿ ਜਿਨਸੀ ਰੁਝਾਨ ਦੇ ਆਧਾਰ ‘ਤੇ ਕੋਈ ਵਿਤਕਰਾ ਨਹੀਂ ਕੀਤਾ ਜਾ ਸਕਦਾ ਹੈ। 27 ਜੂਨ, 2023 ਨੂੰ, ਸੁਪਰੀਮ ਕੋਰਟ ਨੇ, ਗੁਰੂੰਗ ਸਮੇਤ ਕਈ ਲੋਕਾਂ ਦੁਆਰਾ ਦਾਇਰ ਇਕ ਰਿੱਟ ਪਟੀਸ਼ਨ ‘ਤੇ ਫੈਸਲਾ ਸੁਣਾਉਂਦੇ ਹੋਏ, ਨੇਪਾਲ ਵਿਚ ਸਮਲਿੰਗੀ ਵਿਆਹ ਨੂੰ ਕਾਨੂੰਨੀ ਮਾਨਤਾ ਦੇਣ ਲਈ ਇਕ ਅੰਤਰਿਮ ਆਦੇਸ਼ ਜਾਰੀ ਕੀਤਾ ਸੀ। ਪਰ ਸਮਲਿੰਗੀ ਵਿਆਹਾਂ ਨੂੰ ਅਸਥਾਈ ਤੌਰ ‘ਤੇ ਰਜਿਸਟਰ ਕਰਨ ਦੇ ਇਤਿਹਾਸਕ ਆਦੇਸ਼ ਦੇ ਬਾਵਜੂਦ, ਕਾਠਮੰਡੂ ਜ਼ਿਲ੍ਹਾ ਅਦਾਲਤ ਨੇ ਜ਼ਰੂਰੀ ਕਾਨੂੰਨਾਂ ਦੀ ਘਾਟ ਦਾ ਹਵਾਲਾ ਦਿੰਦੇ ਹੋਏ ਚਾਰ ਮਹੀਨੇ ਪਹਿਲਾਂ ਇਸ ਕਦਮ ਨੂੰ ਰੱਦ ਕਰ ਦਿਤਾ ਸੀ।