ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਾਂਗਰਸ ਦੇ ਰਾਹੁਲ ਗਾਂਧੀ ਅਤੇ ਸੱਤਾਧਾਰੀ ਭਾਰਤ ਰਾਸ਼ਟਰ ਸਮਿਤੀ (BRS) ਦੇ ਮੁਖੀ ਕੇ. ਚੰਦਰਸ਼ੇਖਰ ਰਾਓ ਵਰਗੇ ਚੋਟੀ ਦੇ ਨੇਤਾਵਾਂ ਵੱਲੋਂ ਤੇਲੰਗਾਨਾ ਵਿੱਚ ਜ਼ੋਰਦਾਰ ਚੋਣ ਪ੍ਰਚਾਰ ਕੀਤਾ ਗਿਆ ਅਤੇ ਹੁਣ ਇਸ ਪ੍ਰਚਾਰ ਤੋਂ ਬਾਅਦ ਤੇਲੰਗਾਨਾ ਵਿਚ ਅੱਜ 119 ਸੀਟਾਂ ’ਤੇ ਵੋਟਾਂ ਪਾਈਆਂ ਗਈਆਂ। ਤੇਲੰਗਾਨਾ ਵਿਧਾਨ ਸਭਾ ਦੀਆਂ ਕੁੱਲ 119 ਸੀਟਾਂ ਲਈ 2,290 ਉਮੀਦਵਾਰ ਮੈਦਾਨ ਵਿੱਚ ਹਨ। ਸੂਬੇ ਵਿੱਚ 35,655 ਪੋਲਿੰਗ ਸਟੇਸ਼ਨ ਬਣਾਏ ਗਏ ਹਨ ਅਤੇ 3.26 ਕਰੋੜ ਵੋਟਰ ਆਪਣੀ ਕਿਸਮਤ ਦਾ ਫੈਸਲਾ ਕਰਨਗੇ। ਰਾਜ ਭਰ ਵਿੱਚ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਵੋਟਿੰਗ ਹੋਈ।
ਕੁੱਲ 103 ਵਿਧਾਇਕ ਇਸ ਵਾਰ ਮੁੜ ਚੋਣ ਲੜ ਰਹੇ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਸੱਤਾਧਾਰੀ BRS ਦੇ ਹਨ। ਮੁੱਖ ਮੰਤਰੀ ਕੇ ਚੰਦਰਸ਼ੇਖਰ ਰਾਓ ਦੋ ਸੀਟਾਂ ਗਜਵੇਲ ਅਤੇ ਕਾਮਰੇਡੀ ਤੋਂ ਚੋਣ ਲੜ ਰਹੇ ਹਨ। ਗਾਜੇਵਾਲ ‘ਚ ਉਹ ਭਾਜਪਾ ਨੇਤਾ ਏਟਲਾ ਰਾਜੇਂਦਰ ਦੇ ਖਿਲਾਫ ਅਤੇ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਰੇਵੰਤ ਰੈਡੀ ਕਾਮਰੇਡੀ ‘ਚ ਕੇਸੀਆਰ ਦੇ ਖਿਲਾਫ ਚੋਣ ਲੜ ਰਹੇ ਹਨ। ਏਟਲਾ ਅਤੇ ਰੇਵੰਤ ਰੈਡੀ ਵੀ ਦੋ-ਦੋ ਸੀਟਾਂ ਤੋਂ ਚੋਣ ਲੜ ਰਹੇ ਹਨ।
ਇਸ ਵਾਰ ਤੇਲੰਗਾਨਾ ਵਿਧਾਨ ਸਭਾ ਚੋਣਾਂ ਵਿੱਚ ਸੱਤਾਧਾਰੀ ਭਾਰਤ ਰਾਸ਼ਟਰ ਸਮਿਤੀ (ਬੀਆਰਐਸ), ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਵਿਚਾਲੇ ਤਿਕੋਣਾ ਮੁਕਾਬਲਾ ਹੋਣ ਦੀ ਗੱਲ ਕਹੀ ਜਾ ਰਹੀ ਹੈ। ਬੀਆਰਐਸ ਪਿਛਲੇ 10 ਸਾਲਾਂ ਵਿੱਚ ਸਰਕਾਰ ਦੀਆਂ ਕਾਰਵਾਈਆਂ ਅਤੇ ਵਾਅਦਿਆਂ ਦੇ ਆਧਾਰ ‘ਤੇ ਲਗਾਤਾਰ ਤੀਜੀ ਵਾਰ ਸੱਤਾ ਵਿੱਚ ਵਾਪਸੀ ਦੀ ਉਮੀਦ ਕਰ ਰਹੀ ਹੈ।