ਪੰਜਾਬ ਵਿਧਾਨ ਸਭਾ ‘ਚ ਬੀਤੇ ਦਿਨ ਭਾਵ ਸੈਸ਼ਨ ਦੇ ਪਹਿਲੇ ਦਿਨ ਸ੍ਰੀ ਆਨੰਦਪੁਰ ਸਾਹਿਬ ਵਿੱਚ ਗ਼ੈਰ ਕਾਨੂੰਨੀ ਮਾਈਨਿੰਗ ਦਾ ਮੁੱਦਾ ਉਠਾਇਆ ਗਿਆ. ਸੈਸ਼ਨ ਦੇ ਪਹਿਲੇ ਦਿਨ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਮੇਰਾ ਮਾਈਨਿੰਗ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਸਗੋਂ ਅਸੀਂ ਰੇਤਾ ਮਾਫ਼ੀਆ ਖਿਲਾਫ਼ ਕਾਰਵਾਈ ਕੀਤੀ ਹੈ। ਜਿਸ ਤੋਂ ਇਲਾਵਾ ਉਹਨਾਂ ਨੇ ਵਿਧਾਨ ਸਭਾ ਵਿੱਚ ਜ਼ਗਦੀਸ਼ ਭੋਲਾ ਦੇ ਨਾਮ ਨੂੰ ਲੈ ਕੇ ਬਿਕਰਮ ਸਿੰਘ ਮਜੀਠੀਆ ‘ਤੇ ਤੰਜ ਵੀ ਕੱਸਿਆ ਸੀ। ਹੁਣ ਇਸੇ ਨੂੰ ਲੈ ਕੇ ਬਿਕਰਮ ਸਿੰਘ ਮਜੀਠੀਆ ਨੇ ਟਵੀਟ ਕਰ ਕੇ ਹਰਜੋਤ ਸਿੰਘ ਬੈਂਸ ਨੂੰ ਜਵਾਬ ਦਿਤਾ ਹੈ.
ਮਜੀਠੀਆ ਨੇ ਟਵੀਟ ਕਰ ਲਿਖਿਆ, “ਵਕੀਲ ਕਿ ਬਲੈਕਮੇਲਰ ? ਜੇ ਵਕੀਲ ਬਲੈਕਮੇਲਰ ਹੈ ਤਾਂ ਹੁਣ ਯਾਦ ਆਇਆ ਸਾਡੇ ਮੁੱਦਾ ਚੁੱਕਣ ਤੋਂ ਬਾਅਦ ? ਜੇ ਬਲੈਕਮੇਲਰ ਹੈ ਤੇਰੇ ਚ ਹਿੰਮਤ ਹੈ ਤਾਂ ਕਰ ਪਰਚਾ ਦਰਜ ਕਰ ਅੰਦਰ। Mining MAFIA ਕੌਣ ? Harjot Bains ਅਤੇ SSP ਵਿਵੇਕ ਸ਼ੀਲ ਸੋਨੀ !! ਹਰਜੋਤ ਬੈਂਸ ਦਾ ਪਿਤਾ ਸੋਹਣ ਸਿੰਘ ਬੈਂਸ ! ਹਰਜੋਤ ਬੈਂਸ ਦਾ ਚਾਚਾ ਬਚਿੱਤਰ ਸਿੰਘ , ਚਾਚੇ ਦਾ ਸਾਂਢੂ ਟਿੱਕਾ ਸਿੰਘ ।”
ਦੱਸ ਦਈਏ ਕਿ ਮਜੀਠੀਆ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਆਨੰਦਪੁਰ ਸਾਹਿਬ ਵਿੱਚ ਹੋ ਰਹੀ ਮਾਈਨਿੰਗ ਵਿੱਚ ਮੰਤਰੀ ਹਰਜੋਤ ਬੈਂਸ ਸ਼ਾਮਲ ਹਨ, ਹਾਲਾਂਕਿ ਇਸ ਨੂੰ ਲੈ ਕੇ ਮੰਤਰੀ ਹਰਜੋਤ ਬੈਂਸ ਨੇ ਵਿਧਾਨ ਸਭਾ ਵਿੱਚ ਇਹਨਾ ਇਲਜ਼ਾਮਾਂ ਨੂੰ ਨਾਕਾਰ ਦਿੱਤਾ ਸੀ ਅਤੇ ਮਾਈਨਿੰਗ ਦੇ ਮੁੱਦੇ ‘ਤੇ ਬੈਂਸ ਨੇ ਕਿਹਾ ਜੇਕਰ ਕੋਈ ਵਿਅਕਤੀ ਮੇਰੇ ਜਾਂ ਮੇਰੇ ਪਰਿਵਾਰ ਦੇ ਮਾਈਨਿੰਗ ਵਿਚ ਸ਼ਾਮਲ ਹੋਣ ਸਬੰਧੀ ਸਬੂਤ ਦੇ ਦੇਵੇ ਤਾਂ ਮੈਂ ਹਰ ਤਰ੍ਹਾਂ ਦੀ ਜਾਂਚ ਦਾ ਸਾਹਮਣਾ ਕਰਨਾ ਲਈ ਤਿਆਰ ਹਾਂ।
ਉਨ੍ਹਾਂ ਕਿਹਾ ਕਿ ਚਾਹੇ ਮੇਰਾ ਨਾਰਕੋ ਟੈਸਟ ਕਰਵਾ ਲਿਆ ਜਾਵੇ। ਹਰਜੋਤ ਬੈੈਂਸ ਨੇ ਕਿਹਾ ਕਿ ਮੈਂ ਸਹੁੰ ਖਾਂਦਾ ਹਾਂ ਕਿ ਮੇਰੇ ਰੇਤ ਮਾਫ਼ੀਆਂ ਨਾਲ ਕੋਈ ਲੈਣ ਦੇਣ ਨਹੀਂ ਹੈ। ਸਗੋਂ ਅਸੀਂ ਮਾਫ਼ੀਆਂ ਖਿਲਾਫ਼ ਕਾਰਵਾਈਆਂ ਕੀਤੀਆਂ ਹਨ। ਜਦੋਂ ਮੈਂ ਮਾਈਨਿੰਗ ਮੰਤਰੀ ਸੀ ਤਾਂ ਸਾਡੇ ਸੂਬੇ ਨੇ ਸਭ ਤੋਂ ਵੱਧ ਰੈਵਨਿਊ ਹਾਸਲ ਕੀਤਾ ਸੀ। ਇਸ ਤੋਂ ਗ਼ੈਰ-ਕਾਨੂੰਨੀ ਮਾਈਨਿੰਗ ਵਿਚ ਸ਼ਾਮਲ ਰਹੇ ਵੱਡੇ ਠੇਕੇਦਾਰ ਨੂੰ ਵੀ ਅਸੀਂ ਗ੍ਰਿਫ਼ਤਾਰ ਕੀਤਾ।