ਪੰਜਾਬ ਵਿਧਾਨਸਭਾ ਇਜਲਾਸ ਦਾ ਅੱਜ ਦੂਜਾ ਦਿਨ ਹੈ। ਸਦਨ ਦੀ ਕਾਰਵਾਈ ਸ਼ੁਰੂ ਗਈ ਹੈ। ਅੱਜ ਵਿਧਾਨਸਭਾ ਵਿੱਚ ਰੈਵੇਨਿਊ ਨਾਲ ਜੁੜੇ ਤਿੰਨ ਬਿੱਲ ਪੇਸ਼ ਕੀਤੇ ਜਾਣਗੇ। ਇਸ ਤੋਂ ਇਲਾਵਾ ਕਿਹਾ ਜਾ ਰਿਹਾ ਹੈ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਗੰਨੇ ਦੇ ਰੇਟ ਵਧਾਉਣ ਦਾ ਐਲਾਨ ਕਰ ਸਕਦੇ ਹਨ। ਬੀਤੇ ਦਿਨ ਪੰਜਾਬ ਸਰਕਾਰ ਨੇ ਪੰਜਾਬ ਵਿੱਤੀ ਜ਼ਿੰਮੇਵਾਰੀ ਅਤੇ ਬਜਟ ਪ੍ਰਬੰਧਨ (ਸੋਧ) ਬਿੱਲ 2023 ਅਤੇ ਪੰਜਾਬ ਗੁਡਜ਼ ਐਂਡ ਸਰਵਿਸਿਜ਼ ਟੈਕਸ (ਸੋਧ) ਬਿੱਲ 2023 ਪਾਸ ਕੀਤੇ ਹਨ।
ਸਰਦ ਰੁੱਤ ਸੈਸ਼ਨ ਦੇ ਪਹਿਲੇ ਦਿਨ ਦੀ ਗੱਲ ਕਰੀਏ ਤਾਂ ਇਹ ਬਹੁਤ ਹੀ ਕੌੜਾ-ਮਿੱਠਾ ਰਿਹਾ ਅਤੇ ਇਸ ਦੌਰਾਨ ਖੂਬ ਹਾਸਾ-ਮਜ਼ਾਕ ਹੋਇਆ। ਇਜਲਾਸ ਦੌਰਾਨ 1158 ਸਹਾਇਕ ਪ੍ਰੋਫੈਸਰਾਂ ਨੇ ਰੋਸ ਪ੍ਰਦਰਸ਼ਨ ਕਰਦਿਆਂ ਪ੍ਰੋ. ਬਲਵਿੰਦਰ ਦੀ ਖੁਦਕੁਸ਼ੀ ਅਤੇ ਗੈਰ-ਕਾਨੂੰਨੀ ਮਾਈਨਿੰਗ ਦਾ ਮੁੱਦਾ ਉਠਣ ‘ਤੇ ਕੈਬਨਿਟ ਮੰਤਰੀ ਹਰਜੋਤ ਬੈਂਸ ਕਾਂਗਰਸੀ ਵਿਧਾਇਕ ਪਰਗਟ ਸਿੰਘ ‘ਤੇ ਕਾਫੀ ਨਾਰਾਜ਼ ਹੋ ਗਏ।
ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਅੰਤ ਵਿੱਚ ਬੋਲਦਿਆਂ ਸਦਨ ਨੂੰ ਖੂਬ ਹਲੂਣਿਆ। ਜਦੋਂ ਉਨ੍ਹਾਂ ਨੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਸ਼ਾਲ ਦੀ ਤਾਰੀਫ ਕੀਤੀ ਤਾਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵੀ ਮਜ਼ਾਕ ਵਿਚ ਕਿਹਾ-ਤੁਸੀਂ ਸ਼ਾਲ ਦੀ ਤਾਰੀਫ ਕੀਤੀ, ਪਰ ਬਾਜਵਾ ਜੀ ਨੇ ਤੁਹਾਡੇ ਕੋਟ ਦੀ ਤਾਰੀਫ ਨਹੀਂ ਕੀਤੀ। ਸਰਦ ਰੁੱਤ ਇਜਲਾਸ ਦਾ ਮਾਹੌਲ ਛੋਟੀਆਂ-ਛੋਟੀਆਂ ਗੱਲਾਂ-ਬਾਤਾਂ ਵਿਚਾਲੇ ਹੀ ਸੁਖਾਵਾਂ ਬਣਿਆ ਰਿਹਾ।