ਐਪਲ ਆਈਫੋਨ ਬਣਾਉਣ ਵਾਲੀ ਤਾਈਵਾਨੀ ਕੰਪਨੀ ਫੌਕਸਕਾਨ ਆਪਣੀ ਵਿਸਤਾਰ ਯੋਜਨਾ ਦੇ ਹਿੱਸੇ ਵਜੋਂ ਭਾਰਤ ਵਿੱਚ 1.5 ਬਿਲੀਅਨ ਡਾਲਰ ਦਾ ਨਿਵੇਸ਼ ਕਰਨ ਜਾ ਰਹੀ ਹੈ। 27 ਨਵੰਬਰ, 2023 ਨੂੰ, ਕੰਪਨੀ ਨੇ ਤਾਈਵਾਨ ਵਿੱਚ ਐਕਸਚੇਂਜ ਫਾਈਲਿੰਗ ਦੇ ਤਹਿਤ ਇਹ ਜਾਣਕਾਰੀ ਸਾਂਝੀ ਕੀਤੀ ਹੈ। ਇਸ ਖੁਲਾਸੇ ਵਿੱਚ ਕੰਪਨੀ ਨੇ ਕਿਹਾ ਕਿ ਇਹ ਨਿਵੇਸ਼ ਸੰਚਾਲਨ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਕੀਤਾ ਜਾ ਰਿਹਾ ਹੈ।
ਦੱਸ ਦਈਏ ਕਿ Foxconn ਨੂੰ Hon Hai Precision Industry Co. ਵਜੋਂ ਵੀ ਜਾਣਿਆ ਜਾਂਦਾ ਹੈ। ਬਲੂਮਬਰਗ ਦੀ ਰਿਪੋਰਟ ਮੁਤਾਬਕ ਚੀਨ ਅਤੇ ਅਮਰੀਕਾ ਵਿਚਾਲੇ ਚੱਲ ਰਹੇ ਤਣਾਅ ਦੇ ਕਾਰਨ ਹੋਨ ਹਾਏ ਅਤੇ ਹੋਰ ਤਾਈਵਾਨੀ ਇਲੈਕਟ੍ਰੋਨਿਕਸ ਨਿਰਮਾਣ ਕੰਪਨੀਆਂ ਚੀਨ ਤੋਂ ਬਾਹਰ ਨਿਵੇਸ਼ ਵਧਾਉਣਾ ਚਾਹੁੰਦੀਆਂ ਹਨ ਅਤੇ ਭਾਰਤ ‘ਚ ਨਿਵੇਸ਼ ਕਰਨ ਦੇ ਫੌਕਸਕਾਨ ਦੇ ਫੈਸਲੇ ਨੂੰ ਇਸ ਦੇ ਮੁਤਾਬਕ ਹੀ ਦੇਖਿਆ ਜਾ ਰਿਹਾ ਹੈ। ਹਾਲਾਂਕਿ ਕੰਪਨੀ ਦੇ ਬੁਲਾਰੇ ਨੇ ਇਹ ਕਹਿਣ ਤੋਂ ਇਨਕਾਰ ਕਰ ਦਿੱਤਾ ਹੈ ਕਿ ਕੀ ਕੰਪਨੀ ਇਸ ਨਿਵੇਸ਼ ਰਾਹੀਂ ਨਵਾਂ ਪਲਾਂਟ ਸਥਾਪਿਤ ਕਰੇਗੀ ਜਾਂ ਪੁਰਾਣੀ ਸੁਵਿਧਾ ਵਿੱਚ ਹੀ ਨਿਵੇਸ਼ ਕਰੇਗੀ।