ਪੰਜਾਬ ਵਿਧਾਨ ਸਭਾ ਦਾ ਸਰਦ ਰੁੱਤ ਸੈਸ਼ਨ ਅੱਜ ਤੋਂ ਸ਼ੁਰੂ ਹੋ ਗਿਆ ਹੈ। ਸੈਸ਼ਨ ਦੀ ਸ਼ੁਰੂਆਤ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵਿਛੜੀਆਂ ਰੂਹਾਂ/ਸ਼ਹੀਦਾਂ ਨੂੰ ਯਾਦ ਕਰਦਿਆਂ 2 ਮਿੰਟ ਦਾ ਮੌਨ ਰੱਖ ਕੇ ਕੀਤੀ। ਇਸ ਤੋਂ ਬਾਅਦ ਸਦਨ 2.30 ਵਜੇ ਤੱਕ ਮੁਲਤਵੀ ਕਰ ਦਿੱਤਾ ਗਿਆ। ਹਾਲ ਹੀ ‘ਚ ਸੁਪਰੀਮ ਕੋਰਟ ਨੇ ਸੈਸ਼ਨ ਨੂੰ ਜਾਇਜ਼ ਕਰਾਰ ਦਿੱਤਾ ਸੀ। ਜਿਸ ਤੋਂ ਬਾਅਦ ਸੀਐਮ ਭਗਵੰਤ ਮਾਨ ਨੇ 28 ਅਤੇ 29 ਨਵੰਬਰ ਨੂੰ ਸਰਦ ਰੁੱਤ ਇਜਲਾਸ ਬੁਲਾਉਣ ਦਾ ਐਲਾਨ ਕੀਤਾ ਸੀ।
ਵਿਰੋਧੀ ਧਿਰ ਨੇ ਵੀ ਸੈਸ਼ਨ ਤੋਂ ਪਹਿਲਾਂ ਹੀ ‘ਆਪ’ ਸਰਕਾਰ ‘ਤੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਹਨ। ਮੁਲਾਜ਼ਮਾਂ ਨੇ ਸਕੱਤਰੇਤ ਵਿੱਚ ਮੁੱਖ ਮੰਤਰੀ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ।ਮੁਲਾਜ਼ਮ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਕੱਤਰੇਤ ਦੀ ਪਾਰਕਿੰਗ ਵਿੱਚ ਪਹੁੰਚ ਗਏ। ਜਿੱਥੇ ਮੀਟਿੰਗ ਤੋਂ ਬਾਅਦ ਉਨ੍ਹਾਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਦੋਸ਼ ਲਾਇਆ ਕਿ ਮੁੱਖ ਮੰਤਰੀ ਮੁਲਾਜ਼ਮਾਂ ਦੇ ਹੱਕ ਵਿੱਚ ਨਹੀਂ ਹਨ। ਮੁਲਾਜ਼ਮਾਂ ਨੇ ਡੀਏ ਦੀ ਕਿਸ਼ਤ ਜਲਦੀ ਜਾਰੀ ਕਰਨ ਦੀ ਮੰਗ ਕੀਤੀ ਹੈ।
ਇਸਦੇ ਨਾਲ ਹੀ ਸੈਸ਼ਨ ‘ਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸੀ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਨੇ ਮਾਈਨਿੰਗ ਵਿਭਾਗ ਦੇ ਤਿੰਨ ਮੰਤਰੀਆਂ ਨੂੰ ਬਦਲਣ ਨੂੰ ਲੈ ਕੇ ‘ਆਪ’ ਸਰਕਾਰ ‘ਤੇ ਸਵਾਲ ਖੜ੍ਹੇ ਕੀਤੇ ਹਨ। ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਮੰਤਰੀ ਮੀਤ ਹੇਅਰ ਤੋਂ ਮਾਈਨਿੰਗ ਵਿਭਾਗ ਵਾਪਸ ਲੈ ਲਿਆ ਗਿਆ। ਬਾਜਵਾ ਨੇ ਸਵਾਲ ਉਠਾਇਆ ਹੈ ਕਿ ਪੰਜਾਬ ਸਰਕਾਰ ਨੇ ਡੇਢ ਸਾਲ ‘ਚ ਮਾਈਨਿੰਗ ਵਿਭਾਗ ਨੂੰ ਤੀਜਾ ਮੰਤਰੀ ਦਿੱਤਾ ਹੈ ਪਰ ਇਸ ਦਾ ਕੀ ਫਾਇਦਾ ਹੋਇਆ। ‘ਆਪ’ ਸਰਕਾਰ ਨੇ ਮਾਈਨਿੰਗ ਤੋਂ 20,000 ਕਰੋੜ ਰੁਪਏ ਇਕੱਠੇ ਕਰਨ ਦਾ ਦਾਅਵਾ ਕੀਤਾ ਸੀ, ਉਹ ਕਿੱਥੇ ਹੈ?
ਬਾਜਵਾ ਨੇ ਪੰਜਾਬ ਦੇ ਮੁਲਾਜ਼ਮਾਂ ਨੂੰ ਦਿੱਤੇ ਜਾ ਰਹੇ 34 ਫੀਸਦੀ ਡੀਏ ‘ਤੇ ਵੀ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕੇਂਦਰ ਆਪਣੇ ਮੁਲਾਜ਼ਮਾਂ ਨੂੰ 46 ਫੀਸਦੀ ਡੀਏ ਵੀ ਨਹੀਂ ਦਿੱਤਾ ਗਿਆ। ਇਸ ਦੇ ਨਾਲ ਹੀ ਜਨਵਰੀ 2022 ਤੋਂ ਬਾਅਦ ਡੀਏ ਵੀ ਨਹੀਂ ਦਿੱਤਾ ਗਿਆ। ਇਹ ਡੀਏ ਵੀ ਜਾਰੀ ਕੀਤਾ ਜਾਵੇ ਅਤੇ ਡੀਏ ਵਿੱਚ 12% ਵਾਧਾ ਕੀਤਾ ਜਾਵੇ।