ਪਿਛਲੇ ਡੇਢ ਸਾਲ ਤੋਂ ਰਾਜਪਾਲ ਅਤੇ ਮੁੱਖ ਮੰਤਰੀ ਵਿਚਾਲੇ ਖੱਟੀਆਂ ਮਿੱਠੀਆਂ ਲਿਖਤੀ ਚਿੱਠੀਆਂ ਮਿਹਣੇ ਤਾਹਨੇ, ਸਿਆਸੀ ਤਕਰਾਰ ਅਤੇ ਕੁੜੱਤਣ ਭਰੀ ਸ਼ਬਦਾਵਲੀ ਤੋਂ ਬਾਅਦ ਪੰਜਾਬ ਵਿਧਾਨ ਸਭਾ ਦਾ ਸਰਦ ਰੁੱਤ ਇਜਲਾਸ ਅੱਜ ਦੁਪਹਿਰ 2 ਵਜੇ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਹ ਸੈਸ਼ਨ ਸਿਰਫ਼ ਦੋ ਦਿਨਾਂ ਲਈ ਹੀ ਸੱਦਿਆ ਗਿਆ ਹੈ।
ਹੁਣ ਸੈਸ਼ਨ ਤੋਂ ਪਹਿਲਾਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸੂਬਾ ਸਰਕਾਰ ’ਤੇ ਨਿਸ਼ਾਨਾ ਕੱਸਿਆ ਹੈ। ਪੱਤਰਕਾਰਾਂ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਅਸੀਂ ਸੈਸ਼ਨ ਵਿਚ ਚੰਗੀ ਬਹਿਸ ਚਾਹੁੰਦੇ ਹਾਂ, ਕੋਈ ਖਿੱਚੋਤਾਣ ਨਹੀਂ। ਉਨ੍ਹਾਂ ਮਾਈਨਿੰਗ ਸੰਬੰਧੀ ਸਵਾਲ ਚੁੱਕਦਿਆਂ ਕਿਹਾ ਕਿ ਮਾਈਨਿੰਗ ਦਾ 20 ਹਜ਼ਾਰ ਕਰੋੜ ਰੁਪਇਆ ਕਿੱਥੇ ਗਿਆ ਅਤੇ ਬੁਢਾਪਾ ਪੈਨਸ਼ਨ ਸਕੀਮ ਅਜੇ ਤੱਕ ਲਾਗੂ ਨਹੀਂ ਕੀਤੀ ਗਈ ਹੈ।
ਦੱਸ ਦਈਏ ਕਿ ਸੈਸ਼ਨ ਦੇ ਪਹਿਲੇ ਦਿਨ ਭਾਵ ਅੱਜ 2 ਤੋਂ ਢਾਈ ਵਜੇ ਤੱਕ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ। ਫਿਰ ਜੇਕਰ ਵਿਧਾਨ ਸਭਾ ਦੀ ਕਾਰਵਾਈ ਦੌਰਾਨ ਵਿਰੋਧੀਆਂ ਨੇ ਹੰਗਾਮਾਂ ਨਾ ਕੀਤਾ ਤਾਂ ਸ਼ਾਮ 5 ਵਜੇ ਤੱਕ ਸੈਸ਼ਨ ਚੱਲਣ ਦੀ ਉਮੀਦ ਹੈ ਨਹੀਂ ਤਾਂ ਸ਼ਰਧਾਂਜਲੀਆਂ ਤੋਂ ਬਾਅਦ ਹੀ ਅਗਲੇ ਦਿਨ ਲਈ ਇਜਲਾਸ ਉਠਾ ਦਿੱਤਾ ਜਾਵੇਗਾ। ਇਜਲਾਸ ਅਗਲੇ ਦਿਨ ਬੁੱਧਵਾਰ ਨੂੰ ਸਵੇਰੇ 10 ਵਜੇ ਸ਼ੁਰੂ ਹੋਵੇਗਾ ਅਤੇ ਸਪੀਕਰ ਵੱਲੋਂ ਇਸ ਨੂੰ ਅਣਮਿੱਥੇ ਸਮੇਂ ਤੱਕ ਮੁਲਤਵੀ ਕਰਨ ਤੱਕ ਜਾਰੀ ਰਹੇਗਾ।