ਬਟਾਲਾ ਦੇ ਕਸਬਾ ਵਡਾਲਾ ਗ੍ਰੰਥੀਆਂ ‘ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਪੁਰਬ ਦੀ ਖੁਸ਼ੀ ‘ਚ ਸਜਾਏ ਨਗਰ ਕੀਰਤਨ ਦੌਰਾਨ ਵੱਡਾ ਹਾਦਸਾ ਵਾਪਰਿਆ ਹੈ. ਨਗਰ ਕੀਰਤਨ ‘ਚ ਪ੍ਰਸ਼ਾਦਿ ਵਰਤਾ ਰਹੇ ਇੱਕ ਨੌਜਵਾਨ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਗੁਰਦੁਆਰਾ ਸਾਹਿਬ ਤੇ ਗ੍ਰੰਥੀ ਦਵਿੰਦਰ ਸਿੰਘ ਦੇ 21 ਸਾਲਾ ਨੌਜਵਾਨ ਪੁੱਤਰ ਬਿਕਰਮਜੀਤ ਸਿੰਘ ਵਜੋਂ ਹੋਈ ਹੈ। ਇਸ ਘਟਨਾ ‘ਤੋਂ ਬਾਅਦ ਉਤਸ਼ਾਹ ਅਤੇ ਖੁਸ਼ੀਆਂ ਨਾਲ ਕੱਢੇ ਜਾ ਰਹੇ ਨਗਰ ਕੀਰਤਨ ਵਿੱਚ ਮਾਯੂਸੀ ਛਾ ਗਈ।
ਕਿਵੇਂ ਵਾਪਰਿਆ ਇਹ ਹਾਦਸਾ?
ਜਾਣਕਾਰੀ ਅਨੁਸਾਰ ਵਡਾਲਾ ਗ੍ਰੰਥੀਆਂ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਪੁਰਬ ਮੌਕੇ ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਆਰੰਭ ਹੋ ਕੇ ਨਗਰ ਦੇ ਬਾਜ਼ਾਰਾਂ ‘ਚੋਂ ਗੁਜਰ ਰਿਹਾ ਸੀ। ਇਸ ਵੇਲੇ ਗਲੀਆਂ ਵਿੱਚ ਬਿਜਲੀ ਦੀਆਂ ਨੀਵੀਆਂ ਤਾਰਾਂ ਨੂੰ ਡੰਡਿਆਂ ਨਾਲ ਕੁਝ ਨੌਜਵਾਨ ਉੱਪਰ ਚੁੱਕ ਕੇ ਪਾਲਕੀ ਸਾਹਿਬ ਵਾਲੀ ਟਰਾਲੀ ਲੰਘਾ ਰਹੇ ਸਨ ਕਿ ਅਚਾਨਕ ਇੱਕ ਤਾਰ ਨੰਗੀ ਹੋਣ ਕਰਕੇ ਟਰਾਲੀ ਵਿੱਚ ਕਰੰਟ ਆ ਗਿਆ। ਇਸ ਕਾਰਨ ਟਰਾਲੀ ਦੇ ਨਾਲ ਨਾਲ ਨੰਗੇ ਪੈਰ ਪੈਦਲ ਪ੍ਰਸ਼ਾਦ ਵਰਤਾਉਣ ਦੀ ਸੇਵਾ ਕਰ ਰਿਹਾ ਬਿਕਰਮਜੀਤ ਸਿੰਘ ਨੂੰ ਜ਼ਬਰਦਸਤ ਕਰੰਟ ਲੱਗ ਗਿਆ, ਜਿਸ ਕਰਕੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।