ਪੰਜਾਬ ਵਿੱਚ ਨਸ਼ਾ ਦਿਨੋ ਦਿਨ ਵੱਧਦਾ ਜਾ ਰਿਹਾ ਹੈ। ਹਰ ਰੋਜ਼ ਅਖਬਾਰਾਂ ਦੀਆਂ ਸੁਰਖੀਆਂ ਵਿੱਚ ਦੇਖਣ ਨੂੰ ਮਿਲਦੇ ਹੈ ਕਿ ਕਿਵੇ ਇਸ ਨਸ਼ੇ ਨਾਮਕ ਦੈਤ ਨੇ ਪੰਜਾਬ ਦੀ ਜਵਾਨੀ ਖਾ ਲਈ ਹੈ। ਇਸ ਨਸ਼ੇ ਕਾਰਨ ਹਰ ਰੋਜ਼ ਕਈ ਲੋਕਾਂ ਦੇ ਘਰ ਉਜੜ ਰਹੇ ਹਨ। ਕਿਸੇ ਦਾ ਪੁੱਤ, ਤਾਂ ਕਿਸੇ ਦਾ ਭਰਾ ਇਸ ਨਸ਼ੇ ਦੇ ਹੱਥ ਚੜ੍ਹ ਗਿਆ ਹੈ। ਬਸ ਹੁਣ ਪੰਜਾਬ ਦੇ ਹਰ ਵਾਸੀ ਦੇ ਮੂੰਹੋਂ ਇਹੀ ਸੁਣਨ ਨੂੰ ਮਿਲਦਾ ਹੈ ਕਿ ਸਾਡੇ ਬੱਚਿਆਂ ਨੂੰ ਇਸ ਨਸ਼ੇ ਤੋਂ ਬੱਚਾ ਲਵੋ। ਪਰ ਪ੍ਰਸਾਸ਼ਨ ਇਸ ਮਾਮਲੇ ਨੂੰ ਲੇ ਕੇ ਗੰਭੀਰ ਹੁੰਦਾ ਨਜ਼ਰ ਨਹੀਂ ਆ ਰਿਹਾ ਹੈ। ਆਏ ਦਿਨ ਪੰਜਾਬ ਸਰਕਾਰ ਵੱਲੋਂ ਇਹੀ ਦਾਅਵੇ ਤਾਂ ਕਿਤੇ ਜਾਂਦੇ ਹਨ ਕਿ ਪੰਜਾਬ ਵਿੱਚ ਨਸ਼ਾ ਪਹਿਲਾਂ ਨਾਲੋਂ ਘੱਟੀਆ ਹੈ ਪਰ ਜੋ ਅਸੀਂ ਰੋਜ਼ ਦੇਖਦੇ ਹਾਂ ਉਹ ਸਰਕਾਰ ਦੇ ਦਾਅਵਿਆਂ ਨੂੰ ਖੋਖਲਾ ਸਾਬਿਤ ਕਰ ਰਿਹਾ ਹੈ।
ਹੁਣ ਇਸੇ ਹੀ ਮੁੱਦੇ ਨੂੰ ਲੇ ਕੇ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਨਿਸ਼ਾਨਾ ਸਾਧਿਆ ਹੈ। ਬਾਜਵਾ ਨੇ ਕਿਹਾ ਕਿ ਜਦੋਂ ਮੁੱਖ ਮੰਤਰੀ ਲੁਧਿਆਣਾ ਵਿੱਚ ਨਸ਼ਾ ਵਿਰੋਧੀ ਰੈਲੀ ਵਿੱਚ ਰੁੱਝੇ ਹੋਏ ਸਨ, ਤਾਂ ਫਾਜ਼ਿਲਕਾ ਜ਼ਿਲ੍ਹੇ ਵਿੱਚ 25 ਅਤੇ 26 ਸਾਲ ਦੇ ਦੋ ਭਰਾਵਾਂ ਦੀਆਂ ਲਾਸ਼ਾਂ ਮਿਲੀਆਂ।
2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ, ਆਮ ਆਦਮੀ ਪਾਰਟੀ ਨੇ ਸਰਕਾਰ ਬਣਨ ਦੇ ਚਾਰ ਮਹੀਨਿਆਂ ਦੇ ਅੰਦਰ-ਅੰਦਰ ਸੂਬੇ ਵਿੱਚੋਂ ਨਸ਼ਿਆਂ ਦੀ ਅਲਾਮਤ ਨੂੰ ਖ਼ਤਮ ਕਰਨ ਦੀ ਸਹੁੰ ਖਾਧੀ ਸੀ ਫਿਰ 15 ਅਗਸਤ 2023 ਨੂੰ ਪੰਜਾਬ ਦੇ ਮੁੱਖ ਮੰਤਰੀ ਨੇ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਇੱਕ ਸਾਲ ਹੋਰ ਮੰਗਿਆ। ਹੁਣ ਵੀ ‘ਆਪ’ ਸਰਕਾਰ ਨਸ਼ੇ ਨੂੰ ਨੱਥ ਪਾਉਣ ਲਈ ਇਮਾਨਦਾਰ ਨਹੀਂ ਜਾਪਦੀ। ਉਹ ਨਸ਼ਾ ਵਿਰੋਧੀ ਮੁਹਿੰਮਾਂ ਤੋਂ ਪ੍ਰਚਾਰ ਪ੍ਰਾਪਤ ਕਰਨ ਵਿੱਚ ਜ਼ਿਆਦਾ ਦਿਲਚਸਪੀ ਰੱਖਦੇ ਹਨ।
ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ‘ਆਪ’ ਸਰਕਾਰ ਨਸ਼ਾ ਤਸਕਰਾਂ ‘ਤੇ ਸ਼ਿਕੰਜਾ ਕੱਸ ਨਹੀਂ ਸਕੀ। ਸੂਬੇ ਵਿੱਚ ਨਸ਼ਿਆਂ ਦਾ ਕਾਰੋਬਾਰ ਬੇਲਗਾਮ ਹੁੰਦਾ ਜਾ ਰਿਹਾ ਹੈ। ਪੁਲਿਸ ਵੱਡੇ ਨਸ਼ਾ ਤਸਕਰਾਂ ‘ਤੇ ਸ਼ਿਕੰਜਾ ਕੱਸਣ ਦੀ ਬਜਾਏ ਬੱਸ ਖਾਨਾਪੂਰਤੀ ਕਰ ਰਹੀ ਹੈ। ਪੁਲਸ ਨਸ਼ੇੜੀਆਂ ਨੂੰ ਤੰਗ ਕਰਦੀ ਹੈ ਪਰ ਉਨ੍ਹਾਂ ਦੀਆਂ ਜੜ੍ਹਾਂ ਤੱਕ ਨਹੀਂ ਪਹੁੰਚਦੀ।