ਹਾਰਦਿਕ ਪੰਡਯਾ IPL 2024 ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਪਿਛਲੇ ਕਈ ਦਿਨਾਂ ਤੋਂ ਕਿਹਾ ਜਾ ਰਿਹਾ ਸੀ ਕਿ ਹਾਰਦਿਕ ਪੰਡਯਾ ਗੁਜਰਾਤ ਟਾਈਟਨਸ ਛੱਡ ਕੇ ਮੁੰਬਈ ਇੰਡੀਅਨਜ਼ ‘ਚ ਸ਼ਾਮਲ ਹੋ ਸਕਦੇ ਹਨ। ਦੱਸ ਦਈਏ ਕਿ ਹੁਣ ਫ੍ਰੈਂਚਾਇਜ਼ੀ ਨੇ ਸੋਮਵਾਰ ਨੂੰ ਇਸ ਦਾ ਐਲਾਨ ਕਰ ਦਿੱਤਾ ਹੈ। ਹਾਰਦਿਕ ਅਗਲੇ ਸੀਜ਼ਨ ‘ਚ ਮੁੰਬਈ ਇੰਡੀਅਨਜ਼ (MI) ਲਈ ਖੇਡਦੇ ਨਜ਼ਰ ਆਉਣਗੇ। MI ਨੇ ਅੱਜ ਸੋਸ਼ਲ ਮੀਡੀਆ ‘ਤੇ ਇਸਦੀ ਅਧਿਕਾਰਤ ਘੋਸ਼ਣਾ ਕੀਤੀ ਹੈ।
ਅਜਿਹੇ ‘ਚ ਹਾਰਦਿਕ ਦੇ ਜਾਣ ਨਾਲ ਗੁਜਰਾਤ ਨੂੰ ਵੱਡਾ ਝਟਕਾ ਲੱਗਿਆ ਹੈ, ਉਥੇ ਹੀ ਇਕ ਸਵਾਲ ਇਹ ਵੀ ਹੈ ਕਿ ਹਾਰਦਿਕ ਦੇ ਜਾਣ ਤੋਂ ਬਾਅਦ ਗੁਜਰਾਤ ਦਾ ਕਪਤਾਨ ਕਿਸ ਨੂੰ ਬਣਾਇਆ ਜਾਵੇਗਾ। ਇਸ ਸਭ ਨੂੰ ਲੈ ਕੇ ਦੋ ਨਾਂ ਸਾਹਮਣੇ ਆ ਰਹੇ ਸਨ, ਸਭ ਤੋਂ ਪਹਿਲਾਂ ਨਾਂ ਜਿਹੜਾ ਸਾਹਮਣੇ ਆ ਰਿਹਾ ਸੀ ਉਹ ਹੈ ਸ਼ੁਭਮਨ ਗਿੱਲ ਦਾ ਅਤੇ ਦੂਜਾ ਕੇਨ ਵਿਲੀਅਮਸਨ।
ਪਰ ਦੱਸ ਦਈਏ ਕਿ ਹੁਣ ਇੰਡੀਅਨ ਪ੍ਰੀਮੀਅਰ ਲੀਗ (IPL) ਟੀਮ ਗੁਜਰਾਤ ਟਾਈਟਨਸ (GT) ਦੀ ਕਪਤਾਨੀ ਸ਼ੁਭਮਨ ਗਿੱਲ ਕਰਨਗੇ। ਸ਼ੁਭਮਨ ਗਿੱਲ ਨੇ IPL 2022 ਵਿੱਚ 16 ਮੈਚਾਂ ਵਿੱਚ 34.50 ਦੀ ਔਸਤ ਨਾਲ 483 ਦੌੜਾਂ ਬਣਾਈਆਂ। ਇਸ ਦੌਰਾਨ ਉਸ ਦੇ ਬੱਲੇ ਤੋਂ ਚਾਰ ਅਰਧ ਸੈਂਕੜੇ ਲੱਗੇ। ਜਦੋਂ ਕਿ ਸਾਲ 2023 ਵਿੱਚ ਉਸ ਨੇ 17 ਮੈਚਾਂ ਵਿੱਚ 59.33 ਦੀ ਔਸਤ ਨਾਲ 890 ਦੌੜਾਂ ਬਣਾਈਆਂ ਸਨ। ਇਸ ਦੌਰਾਨ ਉਨ੍ਹਾਂ ਨੇ ਆਪਣੇ ਬੱਲੇ ਨਾਲ ਤਿੰਨ ਸੈਂਕੜੇ ਅਤੇ ਚਾਰ ਸੈਂਕੜੇ ਲਗਾਏ।
ਇਸ ਦੇ ਨਾਲ ਹੀ ਸ਼ੁਭਮਨ ਗਿੱਲ ਨੇ ਗੁਜਰਾਤ ਟਾਈਟਨਸ ਦਾ ਕਪਤਾਨ ਬਣਾਏ ਜਾਣ ਤੋਂ ਬਾਅਦ ਆਪਣੇ ਮਨ ਦੀ ਗੱਲ ਕਹੀ ਹੈ। ਗਿੱਲ ਨੇ ਕਿਹਾ ਕਿ ਮੈਨੂੰ ਗੁਜਰਾਤ ਟਾਇਟਨਸ ਦੀ ਕਪਤਾਨੀ ਸੰਭਾਲਣ ‘ਤੇ ਖੁਸ਼ੀ ਅਤੇ ਮਾਣ ਹੈ ਅਤੇ ਇੰਨੀ ਚੰਗੀ ਟੀਮ ਦੀ ਅਗਵਾਈ ਕਰਨ ਲਈ ਮੇਰੇ ‘ਤੇ ਭਰੋਸਾ ਕਰਨ ਲਈ ਫ੍ਰੈਂਚਾਈਜ਼ੀ ਦਾ ਧੰਨਵਾਦ ਕਰਦਾ ਹਾਂ । ਸਾਡੇ ਦੋ ਸੀਜ਼ਨ ਰਹੇ ਹਨ ਅਤੇ ਮੈਂ ਕ੍ਰਿਕਟ ਦੇ ਆਪਣੇ ਰੋਮਾਂਚਕ ਬ੍ਰਾਂਡ ਨਾਲ ਟੀਮ ਦੀ ਅਗਵਾਈ ਕਰਨ ਦੀ ਉਮੀਦ ਕਰ ਰਿਹਾ ਹਾਂ।
ਦੱਸ ਦੇਈਏ ਕਿ ਗੁਜਰਾਤ ਟਾਇਟਨਸ ਦੀ ਟੀਮ IPL ਵਿੱਚ ਪਹਿਲੀ ਵਾਰ 2022 ਸੀਜ਼ਨ ਵਿੱਚ ਆਈ। ਟੀਮ ਨੇ ਹਾਰਦਿਕ ਦੀ ਕਪਤਾਨੀ ਵਿੱਚ ਪਹਿਲੇ ਸੀਜ਼ਨ ਵਿੱਚ ਹੀ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ ਸੀ । ਗੁਜਰਾਤ ਦੀ ਟੀਮ 2023 ਦੇ ਸੀਜ਼ਨ ਵਿੱਚ ਵੀ ਫਾਈਨਲ ਵਿੱਚ ਪਹੁੰਚੀ ਸੀ, ਜਿੱਥੇ ਉਸ ਨੂੰ ਚੇੱਨਈ ਸੁਪਰ ਕਿੰਗਜ਼ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇੰਨੀ ਸਫਲਤਾ ਦੇ ਬਾਵਜੂਦ ਗੁਜਰਾਤ ਟੀਮ ਅਤੇ ਪੰਡਯਾ ਦਾ ਸਾਥ ਛੁੱਟਣਾ ਪ੍ਰਸ਼ੰਸਕਾਂ ਅਤੇ ਕ੍ਰਿਕਟ ਮਾਹਿਰਾਂ ਨੂੰ ਹੈਰਾਨ ਕਰ ਰਿਹਾ ਹੈ।