ਪੰਜਾਬ ‘ਚ ਆਏ ਦਿਨ ਲੁੱਟ-ਖੋਹ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਜਾਂਦਾ ਹੈ ਪਰ ਹੁਣ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਸਾਰੀਆਂ ਦੇ ਹੋਸ਼ ਉਡਾ ਦਿੱਤੇ ਹਨ। ਸ੍ਰੀ ਦਰਬਾਰ ਸਾਹਿਬ ਵਿਖੇ ਸੰਗਤਾਂ ਪਾਸੋਂ ਅਰਦਾਸ ਦੀ ਮਾਇਆ ਇਕੱਤਰ ਕਰਨ ਵਾਲੇ ਕਾਊਂਟਰ ਤੋਂ ਐਤਵਾਰ ਦੇਰ ਰਾਤ ਇਕ ਲੱਖ ਰੁਪਏ ਚੋਰੀ ਹੋ ਗਏ ਹਨ। ਜਾਣਕਾਰੀ ਮੁਤਾਬਕ ਦੁੱਖ ਭੰਜਣੀ ਬੇਰੀ ਬਾਹੀ ਵਾਲੇ ਪਾਸੇ ਬਣੇ ਕਾਊਂਟਰ ’ਤੇ ਤਾਇਨਾਤ ਕਲਰਕ ਰਸ਼ਪਾਲ ਸਿੰਘ ਆਪਣੀ ਡਿਊਟੀ ਨਿਭਾਅ ਰਿਹਾ ਸੀ, ਇਸੇ ਦੌਰਾਨ ਉਸ ਕੋਲ ਇਕ ਔਰਤ ਤੇ ਦੋ ਵਿਅਕਤੀ ਆਏ ਤੇ ਉਹਨਾਂ ਨੇ ਰਸੀਦ ਕਟਵਾਈ ਜਦੋਂ ਕਲਰਕ ਦਾ ਧਿਆਨ ਇਕ ਵਿਅਕਤੀ ਦੇ ਪੈਸੇ ਡਿੱਗਣ ਵਾਲੇ ਪਾਸੇ ਗਿਆ ਤਾਂ ਇਸੇ ਦੌਰਾਨ ਦੂਸਰੇ ਵਿਅਕਤੀ ਨੇ ਕਾਊਂਟਰ ਦੇ ਗੱਲੇ ’ਚੋਂ ਇਕ ਲੱਖ ਰੁਪਏ 50-50 ਹਜ਼ਾਰ ਦੇ ਦੋ ਬੰਡਲ ਚੋਰੀ ਕਰ ਲਏ। ਪੈਸੇ ਕੱਢਣ ਤੋਂ ਬਾਅਦ ਤਿੰਨੋਂ ਰਫੂ ਚੱਕਰ ਹੋ ਗਏ।
ਇਹ ਘਟਨਾ ਬਾਰੇ ਕਲਰਕ ਨੂੰ ਤਕਰੀਬਨ ਇਕ ਘੰਟੇ ਬਾਅਦ ਉਸ ਸਮੇਂ ਪਤਾ ਲੱਗਿਆ ਜਦੋਂ ਉਸ ਨੇ ਕੈਸ਼ ਦਾ ਮਿਲਾਨ ਕੀਤਾ ਤਾਂ ਇਕ ਲੱਖ ਰੁਪਏ ਘੱਟ ਸੀ। ਪ੍ਰਬੰਧਕ ਸੀ. ਸੀ. ਟੀ. ਵੀ ਰਾਹੀਂ ਮੁਲਜ਼ਮਾਂ ਨੂੰ ਲੱਭਣ ਦੀ ਭਾਲ ਵਿਚ ਲੱਗੇ ਹੋਏ ਹਨ। ਕਿਤੇ ਨਾ ਕਿਤੇ ਇਸ ਘਟਨਾ ਦੇ ਨਾਲ ਪ੍ਰਬੰਧਕਾਂ ’ਤੇ ਵੀ ਸਵਾਲੀਆ ਚਿੰਨ੍ਹ ਲੱਗਦਾ ਹੈ। ਜੇਕਰ ਗੁਰੂ ਘਰ ਦੇ ਗੱਲੇ ਹੀ ਸੁਰੱਖਿਅਤ ਨਹੀਂ ਤਾਂ ਸੰਗਤ ਦਾ ਕੀਮਤੀ ਸਾਮਾਨ ਜੋ ਕਿ ਸੰਗਤਾਂ ਆਪਣੇ ਨਾਲ ਰੱਖਦੀਆਂ ਹਨ ਕਿਸ ਤਰ੍ਹਾਂ ਸੁਰੱਖਿਤ ਹੋਵੇਗਾ। ਇਸ ਸਬੰਧ ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਤੰਗੇੜਾ ਨੇ ਕਿਹਾ ਕਿ ਨੌਸਰਬਾਜ਼ਾਂ ਵੱਲੋਂ ਕਲਰਕ ਨੂੰ ਧੋਖਾ ਦੇ ਕੇ ਗੱਲੇ ‘ਚੋਂ ਇਕ ਲੱਖ ਰੁਪਿਆ ਚੋਰੀ ਕੀਤਾ ਗਿਆ ਹੈ। ਜਿਸ ਦੀ ਸ਼ਿਕਾਇਤ ਪੁਲਸ ਨੂੰ ਦਰਜ ਕਰਵਾਈ ਗਈ ਹੈ ਅਤੇ ਆਪਣੇ ਤੌਰ ’ਤੇ ਵੀ ਸੀ. ਸੀ. ਟੀ. ਵੀ. ਰਾਹੀਂ ਇਨ੍ਹਾਂ ਨੌਸਰਬਾਜ਼ਾਂ ਦਾ ਪਤਾ ਲਗਾਇਆ ਜਾ ਰਿਹਾ ਹੈ।