ਕੈਨੇਡਾ ‘ਚ ਸ਼ਨੀਵਾਰ ਨੂੰ ਪੰਜਾਬੀ ਗਾਇਕ ਗਿੱਪੀ ਗਰੇਵਾਲ ਦੇ ਬੰਗਲੇ ‘ਤੇ ਗੋਲੀਬਾਰੀ ਦੀ ਘਟਨਾ ਵਾਪਰੀ ਸੀ। ਗੋਲੀਬਾਰੀ ਦੀ ਘਟਨਾ ਤੋਂ ਬਾਅਦ ਗਿੱਪੀ ਗਰੇਵਾਲ ਹੁਣ ਮੀਡੀਆ ਸਾਹਮਣੇ ਆਏ। ਉਨ੍ਹਾਂ ਆਪਣੀ ਕੈਨੇਡਾ ਰਿਹਾਇਸ਼ ‘ਤੇ ਹੋਈ ਗੋਲ਼ੀਬਾਰੀ ਦੀ ਘਟਨਾ ‘ਤੇ ਲਾਰੈਂਸ ਬਿਸ਼ਨੋਈ ਦੇ ਨਾਂ ਨਾਲ ਪਾਈ ਗਈ ਪੋਸਟ ‘ਤੇ ਹੈਰਾਨੀ ਜ਼ਾਹਿਰ ਕੀਤੀ ਹੈ। ਗਿੱਪੀ ਨੇ ਮੀਡੀਆ ਸਾਹਮਣੇ ਆ ਕੇ ਕਿਹਾ ਕਿ ਕੈਨੇਡਾ ਦੇ ਸਮੇਂ ਅਨੁਸਾਰ ਉਨ੍ਹਾਂ ਦੇ ਘਰ ਦੇ ਬਾਹਰ ਅੱਧੀ ਰਾਤ 12.30-1 ਵਜੇ ਫਾਇਰਿੰਗ ਹੋਈ।
ਗਿੱਪੀ ਨੇ ਕਿਹਾ ਕਿ ਘਟਨਾ ਵੇਲੇ ਉਹ ਘਰ ‘ਚ ਮੌਜੂਦ ਨਹੀਂ ਸਨ। ਹਮਲਾਵਰਾਂ ਨੇ ਉਨ੍ਹਾਂ ਦੀ ਗੱਡੀ ਤੇ ਗੈਰੇਜ ਨੂੰ ਨਿਸ਼ਾਨਾ ਬਣਾਇਆ। ਇਸ ਘਟਨਾ ਤੋਂ ਬਾਅਦ ਤੋਂ ਹੀ ਉਹ ਹੈਰਾਨ ਹਨ ਕਿ ਉਨ੍ਹਾਂ ਨਾਲ ਆਖਿਰ ਹੋਇਆ ਕੀ ਹੈ। ਉਨ੍ਹਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਤੇ ਕੋਈ ਵਿਵਾਦ ਵੀ ਨਹੀਂ ਹੈ। ਇਸ ਤੋਂ ਬਾਅਦ ਗਿੱਪੀ ਨੇ ਲਾਰੈਂਸ ਬਿਸ਼ਨੋਈ ਵੱਲੋਂ ਪਾਈ ਗਈ ਪੋਸਟ ਤੋਂ ਬਾਅਦ ਉਹ ਘਟਨਾ ਬਾਰੇ ਸੋਚ ਕੇ ਹੈਰਾਨ ਹਨ। ਉਨ੍ਹਾਂ ਦੱਸਿਆ ਕਿ ਬਿਸ਼ਨੋਈ ਵੱਲੋਂ ਕਦੀ ਉਨ੍ਹਾਂ ਨੂੰ ਕੋਈ ਫੋਨ ਨਹੀਂ ਆਇਆ। ਗਿੱਪੀ ਨੇ ਸਲਮਾਨ ਖ਼ਾਨ ਨਾਲ ਦੋਸਤੀ ਤੋਂ ਵੀ ਸਾਫ ਇਨਕਾਰ ਕੀਤਾ। ਉਨ੍ਹਾਂ ਕਿਹਾ ਕਿ ਉਹ ਸਲਮਾਨ ਨੂੰ ਸਿਰਫ਼ ਦੋ ਵਾਰ ਮਿਲੇ ਹਨ। ਇਕ ਵਾਰੀ ਬਿੱਗ ਬੌਸ ‘ਚ ਤੇ ਦੂਜੀ ਆਪਣੀ ਫਿਲਮ ਮੌਜਾਂ ਹੀ ਮੌਜਾਂ ਦੇ ਟ੍ਰੇਲਰ ਲਾਂਚ ਈਵੈਂਟ ‘ਤੇ।
ਲਾਰੈਂਸ ਬਿਸ਼ਨੋਈ ਨੇ ਫੇਸਬੁੱਕ ‘ਤੇ ਇਕ ਪੋਸਟ ਰਾਹੀਂ ਦਾਅਵਾ ਕੀਤਾ ਹੈ ਕਿ ਉਸ ਨੇ ਇਹ ਗੋਲੀਬਾਰੀ ਕੀਤੀ ਹੈ। ਬਿਸ਼ਨੋਈ ਨੇ ਲਿਖਿਆ, “ਹਾਂ ਸਤਿ ਸ਼੍ਰੀ ਅਕਾਲ ਰਾਮ ਰਾਮ ਸਬਨੂ, ਅੱਜ ਲਾਰੈਂਸ ਬਿਸ਼ਨੋਈ ਗਰੁੱਪ ਨੇ ਵੈਨਕੂਵਰ ਦੇ ਵਾਈਟ ਰੌਕ ਇਲਾਕੇ ‘ਚ ਗਿੱਪੀ ਗਰੇਵਾਲ ਦੇ ਬੰਗਲੇ ‘ਤੇ ਫਾਇਰਿੰਗ ਕੀਤੀ ਹੈ।”ਉਸਨੇ ਅੱਗੇ ਲਿਖਿਆ, “ਤੁਸੀਂ ਸਲਮਾਨ ਖਾਨ ਨੂੰ ਵੱਡੇ ਭਰਾ ਵਾਂਗ ਸਮਝਦੇ ਹੋ, ਉਸਨੂੰ ਕਹੋ ਕਿ ਹੁਣ ਤੁਹਾਨੂੰ ਬਚਾ ਲਵੇ, ਤੁਹਾਡੇ ਭਰਾ, ਅਤੇ ਤੁਸੀਂ ਸਲਮਾਨ ਖਾਨ ਨੂੰ ਇਹ ਸੰਦੇਸ਼ ਵੀ ਦਿੰਦੇ ਹੋ ਕਿ ਤੁਸੀਂ ਇਸ ਭਰਮ ਵਿੱਚ ਹੋ ਕਿ ਦਾਊਦ ਤੁਹਾਡੀ ਮਦਦ ਕਰੇਗਾ, ਤੁਹਾਨੂੰ ਕੋਈ ਨਹੀਂ ਬਚਾ ਸਕਦਾ। ਸਾਡੇ ਵੱਲੋਂ।” ਸਿੱਧੂ ਮੂਸੇਵਾਲਾ ਜਦੋਂ ਉਸਦੀ ਮੌਤ ਹੋ ਗਈ ਤਾਂ ਤੁਸੀਂ ਬਹੁਤ ਜ਼ਿਆਦਾ ਕੰਮ ਕੀਤਾ, ਤੁਸੀਂ ਸਾਰੇ ਜਾਣਦੇ ਹੋ ਕਿ ਉਹ ਕਿੰਨਾ ਹੰਕਾਰੀ ਵਿਅਕਤੀ ਸੀ, ਉਹ ਕਿਹੜੇ ਅਪਰਾਧੀ ਲੋਕਾਂ ਦੇ ਸੰਪਰਕ ਵਿੱਚ ਸੀ।”
ਬਿਸ਼ਨੋਈ ਨੇ ਕਿਹਾ ਜਦੋਂ ਤੱਕ ਵਿੱਕੀ ਮਿੱਡੂਖੇੜਾ ਵਿੱਚ ਰਹਿ ਰਿਹਾ ਸੀ, ਉਦੋਂ ਤੱਕ ਤੁਸੀਂ ਅੱਗੇ-ਪਿੱਛੇ ਘੁੰਮਦੇ ਰਹਿੰਦੇ ਸੀ, ਬਾਅਦ ਵਿੱਚ ਤੁਸੀਂ ਸਿੱਧੂ ਤੋਂ ਜ਼ਿਆਦਾ ਦੁਖੀ ਹੋ ਗਏ ਹੋ, ਤੁਸੀਂ ਵੀ ਰਾਡਾਰ ਵਿੱਚ ਆ ਗਏ ਹੋ, ਹੁਣ ਮੈਂ ਤੁਹਾਨੂੰ ਦੱਸਦਾ ਹਾਂ, ਮੈਂ ਤੁਹਾਨੂੰ ਇਹ ਟ੍ਰੇਲਰ ਦਿਖਾਇਆ ਹੈ, ਹੁਣ ਫਿਲਮ ਜਲਦੀ ਹੀ ਆ ਰਹੀ ਹੈ।’’ ਕਿਸੇ ਵੀ ਦੇਸ਼ ਨੂੰ ਭੱਜ ਜਾਵੋ, ਯਾਦ ਰੱਖੋ ਮੌਤ ਨੂੰ ਕਿਸੇ ਵੀ ਜਗ੍ਹਾ ਦਾ ਵੀਜ਼ਾ ਨਹੀਂ ਲੈਣਾ ਪੈਂਦਾ, ਜਿੱਥੇ ਮਰਜ਼ੀ ਆਉਣਾ ਹੁੰਦਾ ਹੈ।
ਦੱਸਣਯੋਗ ਹੈ ਕਿ ਗਰੇਵਾਲ ਇੱਕ ਪੰਜਾਬੀ ਗਾਇਕ ਅਤੇ ਅਦਾਕਾਰ ਹੈ। ਉਹ ਮੂਲ ਰੂਪ ਵਿੱਚ ਪੰਜਾਬ ਦੇ ਮੋਹਾਲੀ ਦਾ ਰਹਿਣ ਵਾਲਾ ਹੈ। ਗਰੇਵਾਲ ਨੂੰ ਪਹਿਲਾਂ ਵੀ ਗੈਂਗਸਟਰਾਂ ਵੱਲੋਂ ਧਮਕੀਆਂ ਮਿਲੀਆਂ ਸਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਸੁਰੱਖਿਆ ਮੁਹੱਈਆ ਕਰਵਾਈ ਗਈ ਸੀ। ਉਹ ਇਸ ਸਮੇਂ ਕੈਨੇਡਾ ਵਿੱਚ ਹੈ।