ਕਪੂਰਥਲਾ ਦੇ ਸੁਲਤਾਨਪੁਰ ਲੋਧੀ ‘ਚ ਗੁਰਦੁਆਰਾ ਸ੍ਰੀ ਅਕਾਲ ਬੁੰਗਾ ਸਾਹਿਬ ‘ਚ ਗੋਲੀਬਾਰੀ ਦੇ ਮਾਮਲੇ ‘ਚ SIT ਟੀਮ ਦਾ ਗਠਨ ਕੀਤਾ ਗਿਆ ਹੈ। ਐਸਆਈਟੀ ਟੀਮ ਦੇ ਗਠਨ ਦੀ ਜਾਣਕਾਰੀ ਡੀਆਈਜੀ ਜਲੰਧਰ ਰੇਂਜ ਐਸ ਭੂਪਤੀ ਨੇ ਦਿੱਤੀ ਹੈ। ਦੱਸ ਦਈਏ ਕਿ ਗੁਰਦੁਆਰਾ ਸ੍ਰੀ ਅਕਾਲ ਬੁੰਗਾ ਸਾਹਿਬ ‘ਤੇ ਕਬਜ਼ੇ ਨੂੰ ਲੈ ਕੇ ਵੀਰਵਾਰ ਸਵੇਰੇ ਪੁਲਿਸ ਅਤੇ ਨਿਹੰਗਾਂ ਵਿਚਕਾਰ ਗੋਲੀਬਾਰੀ ਹੋਈ ਸੀ। ਜਿਸ ‘ਚ ਗੋਲੀ ਲੱਗਣ ਨਾਲ ਇਕ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ, ਜਦਕਿ ਡੀਐੱਸਪੀ ਸਮੇਤ 10 ਪੁਲਸ ਮੁਲਾਜ਼ਮ ਜ਼ਖਮੀ ਹੋ ਗਏ ਸਨ।
ਐਸਆਈ ਲਖਵਿੰਦਰ ਸਿੰਘ ਦੀ ਸ਼ਿਕਾਇਤ ਤੇ 5 ਨਿਹੰਗਾਂ ਅਤੇ 40 ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਧਾਰਾ 302, 307, 332, 333, 353, 186, 148, 149, 120ਬੀ ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ। ਜਿਸ ਵਿਚ ਇਸ ਸਮੇਂ ਬਾਬਾ ਮਾਨ ਸਿੰਘ ਬੁੱਢਾ ਦਲ ਪੁੱਤਰ ਤੇਜਾ ਸਿੰਘ ਵਾਸੀ ਹਰਿਆਣਾ, ਬਾਬਾ ਪਾਲ ਸਿੰਘ ਪੁੱਤਰ ਸ਼ਾਮਾ ਸਿੰਘ ਵਾਸੀ ਗੁਰਦਾਸਪੁਰ, ਬਲਦੇਵ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਤਰਨਤਾਰਨ, ਗੁਰਵਿੰਦਰ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਲੁਧਿਆਣਾ ਅਤੇ ਅਵਤਾਰ ਸਿੰਘ ਪੁੱਤਰ ਸ. ਪੁੱਤਰ ਛੋਟਾ ਸਿੰਘ ਵਾਸੀ ਮਾਨਸਾ ਦੱਸਿਆ ਗਿਆ ਹੈ।
ਇਸਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਇਸ ਪੂਰੇ ਮਾਮਲੇ ਨੂੰ ਲੈ ਕੇ ਬੀਤੇ ਦਿਨ ਕਪੂਰਥਲਾ SSP ਵੱਲੋਂ ਇੱਕ ਨਿਜੀ ਚੈਨਲ ਨਾਲ ਗੱਲਬਾਤ ਕਰਦੇ ਹੋਏ ਕਿਹਾ ਗਿਆ ਹੈ ਕਿ ਪੁਲਿਸ ਗੁਰਦੁਆਰੇ ਦੇ ਅੰਦਰ ਨਹੀਂ ਗਈ ਸੀ। ਪੁਲਿਸ ਦੇ ਗੁਰਦੁਆਰੇ ਵਿੱਚ ਦਾਖਲ ਹੋਣ ਦੀ ਗੱਲ ਗਲਤ ਹੈ। ਇਸ ਤੋਂ ਬਾਅਦ ਐਸਐਸਪੀ ਨੇ ਕਿਹਾ ਕਿ ਡੇਰੇ ਉਤੇ ਕਬਜ਼ੇ ਬਾਰੇ ਸਾਨੂੰ ਸ਼ਿਕਾਇਤਾਂ ਮਿਲੀਆਂ ਸਨ, ਜਿਸ ਤੋਂ ਬਾਅਦ ਸਾਡੀ ਟੀਮ ਉੱਥੇ ਪਹੁੰਚ ਗਈ। ਅਸੀਂ ਡੇਰੇ ਵਿੱਚ ਦੇਖਿਆ ਕਿ ਬਾਬਾ ਬਲਬੀਰ ਦੇ ਦੋ ਸੇਵਾਦਾਰਾਂ ਨੂੰ ਬਾਬਾ ਮਾਨ ਸਿੰਘ ਨੇ ਬੰਨ੍ਹਿਆ ਹੋਇਆ ਸੀ। ਜਿਸ ਤੋਂ ਬਾਅਦ ਅਸੀਂ 307 ਪਰਚਾ ਦਰਜ ਕੀਤਾ। ਅਸੀਂ ਉਨ੍ਹਾਂ ਨੂੰ ਸਮਝਾਇਆ, ਇਹ ਗੁਰੂਪੁਰਬ ਦਾ ਸਮਾਂ ਹੈ, ਅਜਿਹਾ ਨਾ ਕਰੋ।
ਇਸ ਬਾਰੇ ਅੱਗੇ ਜਾਣਕਾਰੀ ਦਿੰਦੇ ਹੋਏ ਉਹਨਾਂ ਕਿਹਾ ਕਿ 23 ਨਵੰਬਰ ਨੂੰ ਜਦੋਂ ਅਸੀਂ ਸੜਕ ‘ਤੇ ਸੀ ਤਾਂ ਡੇਰੇ ਤੋਂ ਨਿਹੰਗਾਂ ਨੇ ਗੋਲੀਬਾਰੀ ਕੀਤੀ, ਜਿਸ ਵਿਚ ਇਕ ਹੋਮਗਾਰਡ ਮਾਰਿਆ ਗਿਆ ਅਤੇ ਕੁਝ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ। ਜਦੋਂ ਡੇਰੇ ਤੋਂ ਫਾਇਰਿੰਗ ਹੋ ਰਹੀ ਸੀ ਤਾਂ ਪੁਲਿਸ ਨੇ ਬੈਰੀਕੇਡ ਤੇ ਮੋਰਚਾ ਲਾ ਕੇ ਗੋਲੀਬਾਰੀ ਕੀਤੀ। ਉਹਨਾਂ ਕਿਹਾ ਕਿ ਸੰਗਤ ਗੁਰਦੁਆਰਾ ਬੇਰ ਸਾਹਿਬ ਵਿੱਚ ਸੀ, ਇਸ ਲਈ ਅਸੀਂ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਹੈ, ਤਾਂ ਜੋ ਲੋਕ ਜ਼ਖਮੀ ਨਾ ਹੋਣ। ਪੁਲਿਸ ਗੁਰਦੁਆਰੇ ਨਹੀਂ ਗਈ। ਗੁਰੂਘਰ ਦੀ ਮਰਿਆਦਾ ਦੀ ਉਲੰਘਣਾ ਨਹੀਂ ਹੋਈ, ਪੁਲਿਸ ਖੁਦ ਸੜਕ ‘ਤੇ ਸੀ।