ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਦੌਰਾਨ ਸੁਰੱਖਿਆ ਵਿੱਚ ਕੁਤਾਹੀ ਕਰਨ ਦੇ ਮਾਮਲੇ ਵਿੱਚ ਇੱਕ ਪੁਲੀਸ ਅਧਿਕਾਰੀ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ। ਦਰਅਸਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਫਿਰੋਜ਼ਪੁਰ ਦੌਰੇ ‘ਤੇ ਸਨ ਤਾਂ ਉਨ੍ਹਾਂ ਦੀ ਸੁਰੱਖਿਆ ‘ਚ ਕੁਤਾਹੀ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਕਾਰਨ ਹੁਣ ਉਸ ਸਮੇਂ ਐੱਸਪੀ ਰਹੇ ਗੁਰਵਿੰਦਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਗੁਰਵਿੰਦਰ ਸਿੰਘ ਇਸ ਸਮੇਂ ਬਠਿੰਡਾ ਵਿਖੇ ਤਾਇਨਾਤ ਹਨ।
ਆਓ ਜਾਣਦੇ ਹਾਂ ਮਾਮਲਾ?
5 ਜਨਵਰੀ 2022 ਨੂੰ ਜਦੋਂ ਪ੍ਰਧਾਨ ਮੰਤਰੀ ਪੰਜਾਬ ਦੇ ਦੌਰੇ ‘ਤੇ ਸਨ ਤਾਂ ਇਸ ਦੌਰਾਨ ਜਦੋਂ ਉਹਨਾਂ ਦਾ ਕਾਫਲਾ ਬਾਈਰੋਡ ਹੁਸੈਨੀਵਾਲਾ ਨੇੜੇ ਓਵਰ ਬ੍ਰਿਜ ਤੋਂ ਲੰਘ ਰਿਹਾ ਸੀ ਤਾਂ ਪ੍ਰਦਰਸ਼ਨਕਾਰੀਆਂ ਵੱਲੋਂ ਉਨ੍ਹਾਂ ਦਾ ਰਸਤਾ ਰੋਕ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਪੀਐੱਮ ਦੇ ਕਾਫਲੇ ਨੂੰ ਓਵਰ ਬ੍ਰਿਜ ‘ਤੇ ਕਾਫੀ ਦੇਰ ਤੱਕ ਰੁਕਣਾ ਪਿਆ ਅਤੇ ਰਸਤਾ ਸਾਫ ਹੋਣ ਤੋਂ ਬਾਅਦ ਕਾਫਲਾ ਰਵਾਨਾ ਹੋ ਸਕਿਆ। ਇਸ ਘਟਨਾ ‘ਤੇ ਕੇਂਦਰ ਸਰਕਾਰ ਨੇ ਸਖ਼ਤ ਇਤਰਾਜ਼ ਜਤਾਇਆ ਸੀ।
ਇਸ ਮਾਮਲੇ ਵਿੱਚ ਜਾਂਚ ਕਮੇਟੀ ਨੇ ਇੱਕ ਰਿਪੋਰਟ ਸੌਂਪੀ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਉਸ ਸਮੇਂ ਫ਼ਿਰੋਜ਼ਪੂਰ ਦੇ ਐਸਪੀ ਗੁਰਵਿੰਦਰ ਸਿੰਘ ਨੇ ਆਪਣੀ ਡਿਊਟੀ ਵਿੱਚ ਲਾਪਰਵਾਹੀ ਵਰਤੀ ਸੀ, ਜਿਸ ਕਾਰਨ ਸੁਰੱਖਿਆ ਵਿੱਚ ਇੰਨੀ ਵੱਡੀ ਕੁਤਾਹੀ ਹੋਈ ਸੀ। ਸੁਪਰੀਮ ਕੋਰਟ ਵੱਲੋਂ ਬਣਾਈ ਗਈ ਜਾਂਚ ਕਮੇਟੀ ਨੇ ਤਤਕਾਲੀ ਮੁੱਖ ਸਕੱਤਰ ਅਨਿਰੁਧ ਤਿਵਾਰੀ ਅਤੇ ਡੀਜੀਪੀ ਸਿਧਾਰਥ ਚਟੋਪਾਧਿਆਏ ਨੂੰ ਦੋਸ਼ੀ ਠਹਿਰਾਇਆ ਸੀ।
ਕਮੇਟੀ ਨੇ ਪਿਛਲੇ ਸਾਲ ਹੀ ਰਿਪੋਰਟ ਅਗਸਤ ਵਿੱਚ ਸੁਪਰੀਮ ਕੋਰਟ ਅਤੇ ਸਰਕਾਰ ਨੂੰ ਦਿੱਤੀ ਸੀ। ਇਸ ਰਿਪੋਰਟ ਦੇ ਆਧਾਰ ‘ਤੇ ਕੇਂਦਰ ਸਰਕਾਰ ਨੇ ਸਤੰਬਰ 2022 ‘ਚ ਪੰਜਾਬ ਸਰਕਾਰ ਨੂੰ ਦੋਸ਼ੀ ਅਧਿਕਾਰੀਆਂ ਖਿਲਾਫ ਕਾਰਵਾਈ ਕਰਨ ਲਈ ਪੱਤਰ ਲਿਖਿਆ ਸੀ। ਦੱਸ ਦੇਈਏ ਕਿ ਸੁਪਰੀਮ ਕੋਰਟ ਨੇ ਵੀ ਇਸ ਮਾਮਲੇ ‘ਤੇ ਨਾਰਾਜ਼ਗੀ ਜਤਾਈ ਸੀ ਅਤੇ ਸਾਬਕਾ ਜਸਟਿਸ ਇੰਦੂ ਮਲਹੋਤਰਾ ਦੀ ਪ੍ਰਧਾਨਗੀ ‘ਚ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ। ਇਸ ਕਮੇਟੀ ਨੇ ਖੁਦ ਇਸ ਜਾਂਚ ਤੋਂ ਬਾਅਦ ਰਿਪੋਰਟ ਪੇਸ਼ ਕੀਤੀ ਸੀ।