ਭਾਰਤ ਨੇ ਛੇ ਦੁਰਲੱਭ ਬਿਮਾਰੀਆਂ ਲਈ ਅੱਠ ਦਵਾਈਆਂ ਤਿਆਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਹੁਣ ਤੱਕ ਇਨ੍ਹਾਂ ਬਿਮਾਰੀਆਂ ਦੀਆਂ ਦਵਾਈਆਂ ਦੀ ਕੀਮਤ ਕਰੋੜਾਂ ਰੁਪਏ ਹੁੰਦੀ ਸੀ ਪਰ ਹੁਣ ਇਲਾਜ ਦਾ ਖਰਚਾ ਕਰੋੜਾਂ ਤੋਂ ਘਟ ਕੇ ਸਿਰਫ ਕੁਝ ਲੱਖ ਰੁਪਏ ਰਹਿ ਗਿਆ ਹੈ। ਕੇਂਦਰੀ ਸਿਹਤ ਮੰਤਰੀ ਡਾ: ਮਨਸੁਖ ਮਾਂਡਵੀਆ ਅਤੇ ਨੀਤੀ ਆਯੋਗ ਦੇ ਮੈਂਬਰ ਡਾ. ਵੀਕੇ ਪਾਲ ਨੇ ਸ਼ੁੱਕਰਵਾਰ ਨੂੰ ਇੱਕ ਪ੍ਰੈੱਸ ਕਾਨਫਰੰਸ ਵਿੱਚ ਇਹ ਜਾਣਕਾਰੀ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਨੇ ਉਦਯੋਗ ਦੇ ਸਹਿਯੋਗ ਨਾਲ ਭਾਰਤ ਵਿੱਚ 13 ਆਮ ਦੁਰਲੱਭ ਬਿਮਾਰੀਆਂ ਲਈ ਦਵਾਈਆਂ ਬਣਾਉਣ ਦਾ ਫੈਸਲਾ ਕੀਤਾ ਗਿਆ ਸੀ। ਹੁਣ ਤੱਕ ਛੇ ਬਿਮਾਰੀਆਂ ਲਈ ਅੱਠ ਦਵਾਈਆਂ ਤਿਆਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ। ਇਨ੍ਹਾਂ ‘ਚੋਂ ਚਾਰ ਦਵਾਈਆਂ ਤਿਆਰ ਹਨ ਪਰ ਉਹ ਰੈਗੂਲੇਟਰੀ ਪ੍ਰਵਾਨਗੀ ਦੀ ਪ੍ਰਕਿਰਿਆ ਵਿਚ ਹਨ ਅਤੇ ਬਾਕੀ ਬਿਮਾਰੀਆਂ ਲਈ ਦਵਾਈਆਂ ‘ਤੇ ਕੰਮ ਚੱਲ ਰਿਹਾ ਹੈ। ਜਾਣਕਾਰੀ ਮੁਤਾਬਕ Hereditary Disorder ਤੇ ਮਿਰਗੀ ਦੇ ਦੌਰੇ ਨਾਲ ਜੁੜੀ ਦਵਾਈਆਂ ਤਿਆਰ ਕੀਤੀਆਂ ਗਈਆਂ ਹਨ
ਕੇਂਦਰੀ ਸਿਹਤ ਮੰਤਰੀ ਅਤੇ ਨੀਤੀ ਆਯੋਗ ਦੇ ਮੈਂਬਰ ਨੇ ਕਿਹਾ ਕਿ ਇਨ੍ਹਾਂ ਦਵਾਈਆਂ ਦੀਆਂ ਘੱਟ ਕੀਮਤਾਂ ਨਾਲ ਨਾ ਸਿਰਫ਼ ਭਾਰਤੀਆਂ ਨੂੰ ਫਾਇਦਾ ਹੋਵੇਗਾ ਬਲਕਿ ਵਿਦੇਸ਼ਾਂ ਤੋਂ ਵੀ ਇਨ੍ਹਾਂ ਦੀ ਮੰਗ ਆਉਣੀ ਸ਼ੁਰੂ ਹੋ ਗਈ ਹੈ। ਭਾਰਤ 150 ਤੋਂ ਵੱਧ ਦੇਸ਼ਾਂ ਨੂੰ ਦਵਾਈਆਂ ਦਾ ਨਿਰਯਾਤ ਕਰਦਾ ਹੈ। ਸਭ ਤੋਂ ਸਸਤੀਆਂ ਐੱਚਆਈਵੀ ਦਵਾਈਆਂ ਭਾਰਤ ਵਿੱਚ ਬਣਦੀਆਂ ਹਨ।