ਲੁਧਿਆਣਾ ਦੇ ਖੰਨਾ ‘ਚ ਨੈਸ਼ਨਲ ਹਾਈਵੇ ‘ਤੇ ਸ਼ਨੀਵਾਰ ਸਵੇਰੇ ਸੰਘਣੀ ਧੁੰਦ ਕਾਰਨ ਸਕੂਲੀ ਬੱਚਿਆਂ ਨੂੰ ਲੈ ਕੇ ਜਾ ਰਹੀ ਬੱਸ 25 ਤੋਂ 30 ਵਾਹਨਾਂ ਨਾਲ ਟਕਰਾ ਗਈ। ਜਾਣਕਾਰੀ ਮੁਤਾਬਕ ਬੱਸ ‘ਚ ਸਵਾਰ 40-50 ਬੱਚੇ ਲੁਧਿਆਣਾ ਤੋਂ ਕੁਰੂਕਸ਼ੇਤਰ ਜਾ ਰਹੇ ਸਨ। ਇਸੇ ਦੌਰਾਨ ਪਿੰਡ ਦਹੇੜੂ ਨੇੜੇ ਸਕੂਲੀ ਬੱਸ ਪਹਿਲਾਂ ਅੱਗੇ ਜਾ ਰਹੇ ਵਾਹਨ ਨਾਲ ਟਕਰਾਈ ਜੋ ਸ਼ੀਸ਼ੇ ਨਾਲ ਲੱਦਿਆ ਹੋਇਆ ਸੀ। ਇਸ ਤੋਂ ਬਾਅਦ ਪਿੱਛੇ ਆ ਰਹੇ ਹੋਰ ਵਾਹਨ ਵੀ ਇੱਕ ਦੂਜੇ ਨਾਲ ਟਕਰਾਂਦੇ ਰਹੇ। ਜਿਸਦੇ ਚੱਲਦੇ ਕੁੱਲ 25 ਤੋਂ 30 ਵਾਹਨ ਆਪਸ ਵਿੱਚ ਟਕਰਾ ਗਏ।
ਖੁਸ਼ਕਿਸਮਤੀ ਇਹ ਰਹੀ ਕਿ ਕੋਈ ਵੀ ਬੱਚਾ ਜ਼ਖਮੀ ਨਹੀਂ ਹੋਇਆ ਹੈ। ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਟਰੈਫਿਕ ਪੁਲਿਸ ਦੇ ਇੰਚਾਰਜ ਪਰਮਜੀਤ ਸਿੰਘ ਬੈਨੀਪਾਲ ਅਤੇ ਕੋਟ ਪੁਲਿਸ ਚੌਕੀ ਦੇ ਇੰਚਾਰਜ ਜਗਤਾਰ ਸਿੰਘ ਮੌਕੇ ’ਤੇ ਪੁੱਜੇ। ਉਨ੍ਹਾਂ ਨੁਕਸਾਨੇ ਵਾਹਨਾਂ ਨੂੰ ਇਕ ਪਾਸੇ ਲਿਜਾ ਕੇ ਆਵਾਜਾਈ ਚਾਲੂ ਕੀਤੀ ਹੈ ਨਾਲ ਹੀ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।