ਪੰਜਾਬ ਦੇ ਕਪੂਰਥਲਾ ਦੇ ਸੁਲਤਾਨਪੁਰ ਲੋਧੀ ‘ਚ ਸਥਿਤ ਗੁਰਦੁਆਰਾ ਸ੍ਰੀ ਅਕਾਲ ਬੁੰਗਾ ਸਾਹਿਬ ‘ਤੇ ਕਬਜ਼ੇ ਨੂੰ ਲੈ ਕੇ ਵੀਰਵਾਰ ਸਵੇਰੇ ਪੁਲਿਸ ਅਤੇ ਨਿਹੰਗਾਂ ਵਿਚਾਲੇ ਹੋਈ ਗੋਲੀਬਾਰੀ ਦੇ ਮਾਮਲੇ ‘ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਗੰਭੀਰ ਨੋਟਿਸ ਲਿਆ ਹੈ। ਇਸ ਸਬੰਧੀ ਉਨ੍ਹਾਂ ਕਿਹਾ ਕਿ ਇਹ ਘਟਨਾ ਬਹੁਤ ਹੀ ਮੰਦਭਾਗੀ ਹੈ ਅਤੇ ਇਸ ਟਕਰਾਅ ਨਾਲ ਗੁਰਦੁਆਰਾ ਸਾਹਿਬ ਜੀ ਦੀ ਮਾਣ ਮਰਿਆਦਾ ਨੂੰ ਵੀ ਢਾਹ ਲੱਗੀ ਹੈ, ਜੋ ਕੇ ਬਿਲਕੁਲ ਉਚਿਤ ਨਹੀਂ ਹੈ।
ਸਿੰਘ ਸਾਹਿਬ ਨੇ ਕਿਹਾ ਹੈ ਕਿ ਗੁਰਦੁਆਰਾ ਸਾਹਿਬ ਜੀ ਦੀ ਮਾਣ ਮਰਿਆਦਾ ਨਾਲ ਸੰਸਾਰ ਭਰ ਵਿਚ ਵਸਦੇ ਸਮੂਹ ਸਿੱਖਾਂ ਦੀਆਂ ਭਾਵਨਾਵਾਂ ਜੁੜੀਆਂ ਹੁੰਦੀਆਂ ਹਨ। ਉਹਨਾਂ ਇਸ ਘਟਨਾ ਦਾ ਗੰਭੀਰ ਨੋਟਿਸ ਲੈਂਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਕੀਤਾ ਹੈ ਕਿ ਇਸ ਮਸਲੇ ਦੀ ਮੁਕੰਮਲ ਘੋਖ ਪੜਤਾਲ ਕਰਕੇ ਰਿਪੋਰਟ ਇਕ ਹਫ਼ਤੇ ਦੇ ਅੰਦਰ-ਅੰਦਰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਭੇਜੀ ਜਾਵੇ।
ਜਾਣੋ ਪੂਰਾ ਮਾਮਲਾ?
ਪਿਛਲੇ ਕਈ ਸਾਲਾਂ ਤੋਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਸਾਹਮਣੇ ਬਾਬਾ ਬੁੱਢਾ ਦਲ ਦੇ 96 ਵੇਂ ਕਰੋੜੀ ਸੰਤ ਬਲਬੀਰ ਸਿੰਘ ਦਾ ਕਬਜ਼ਾ ਚੱਲ ਰਿਹਾ ਸੀ । ਜਿਸ ਰਾਹੀਂ ਉਸ ਨੇ ਗੁਰਦੁਆਰਾ ਸਾਹਿਬ ਵਿੱਚ ਆਪਣੇ ਦੋ ਸੇਵਾਦਾਰ ਨਿਯੁਕਤ ਕੀਤੇ ਹੋਏ ਸਨ ਅਤੇ ਇਹਨਾਂ ਸੇਵਾਦਾਰ ਦੇ ਨਾਂ ਨਿਰਵੈਰ ਸਿੰਘ ਅਤੇ ਜਗਜੀਤ ਸਿੰਘ ਸਨ। 21 ਨਵੰਬਰ ਨੂੰ ਕਰੀਬ ਸਵੇਰੇ ਸਾਢੇ 8 ਵਜੇ ਬਾਬਾ ਬੁੱਢਾ ਦਲ ਦੇ ਦੂਜੇ ਧੜੇ ਦੇ ਮੁਖੀ ਸੰਤ ਬਾਬਾ ਮਾਨ ਸਿੰਘ ਨੇ ਆਪਣੇ 15 ਤੋਂ 20 ਹੋਰ ਸਾਥੀਆਂ ਸਮੇਤ ਗੁਰਦੁਆਰਾ ਸ੍ਰੀ ਅਕਾਲ ਬੁੰਗਾ ਸਾਹਿਬ ‘ਤੇ ਕਬਜ਼ਾ ਕਰ ਲਿਆ।ਇਸ ਦੌਰਾਨ ਸੇਵਾਦਾਰ ਨਿਰਵੈਰ ਸਿੰਘ ਨੂੰ ਰੱਸੀ ਨਾਲ ਬੰਨ੍ਹ ਕੇ ਜਗਜੀਤ ਸਿੰਘ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਅਤੇ ਉਸ ਦਾ ਹਥਿਆਰ, ਮੋਬਾਈਲ ਫ਼ੋਨ ਅਤੇ ਪੈਸੇ ਵੀ ਖੋਹ ਲਏ ਗਏ।
ਇਸ ਤੋਂ ਬਾਅਦ ਬੀਤੇ ਦਿਨ ਭਾਵ ਬੁੱਧਵਾਰ ਰਾਤ ਨੂੰ ਨਿਹੰਗ ਸਿੰਘ ਮਾਨ ਸਿੰਘ ਦੇ 10 ਸੇਵਕਾਂ ਨੇ ਬਾਬਾ ਬਲਬੀਰ ਸਿੰਘ ਦੇ ਦੂਜੇ ਡੇਰੇ ਪਿੰਡ ਬੁਸੋਵਾਲ ਰੋਡ ਨੇੜੇ ਪੀਰ ਗੇਬ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਜਦੋਂ ਇਸ ਦੀ ਸੂਚਨਾ ਪੁਲਸ ਨੂੰ ਮਿਲੀ ਤਾਂ ਉਹ ਤੁਰੰਤ ਮੌਕੇ ‘ਤੇ ਪਹੁੰਚ ਕੇ 10 ਨਿਹੰਗਾਂ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਹੰਗਾਮਾ ਕਰਨ ਵਾਲੇ ਕਈ ਨਿਹੰਗ ਅਜੇ ਵੀ ਗੁਰਦੁਆਰਾ ਬੁੰਗਾ ਸਾਹਿਬ ਵਿੱਚ ਲੁਕੇ ਹੋਏ ਹਨ। ਜਿਸ ਕਾਰਨ ਵੀਰਵਾਰ ਯਾਨੀ ਅੱਜ ਸਵੇਰੇ ਕਰੀਬ ਚਾਰ ਵਜੇ ਜਦੋਂ ਪੁਲਸ ਉਨਾ ਨਾਂ ਨੂੰ ਗ੍ਰਿਫਤਾਰ ਕਰਨ ਪਹੁੰਚੀ। ਤਾਂ ਕਿਹਾਂ ਜਾ ਰਿਹਾ ਹੈ ਕਿ ਪਹਿਲਾਂ ਤੋਂ ਹੀ ਘੇਰੇ ਵਿਚ ਬੈਠੇ ਨਿਹੰਗਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ।