ਜਲੰਧਰ ‘ਚ ਵੱਡਾ ਹਾਦਸਾ ਵਾਪਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਲੰਧਰ ‘ਚ ਥਾਣਾ ਸਦਰ ਦੀ ਪੁਲਿਸ ਚੌਕੀ ਜੰਡਿਆਲਾ ਅਧੀਨ ਪੈਂਦੇ ਪਿੰਡ ਸਮਰਾਏ ਦੇ ਇਕ ਘਰ ’ਚ ਸ਼ੁੱਕਰਵਾਰ ਨੂੰ ਗੈਸ ਲੀਕ ਹੋਣ ਕਾਰਨ ਨੇੜੇ ਪਿਆ ਸਿਲੰਡਰ ਫਟ ਗਿਆ, ਜਿਸ ਕਾਰਨ ਗੈਸ ਸਿਲੰਡਰ ਡਿਲੀਵਰ ਕਰਨ ਵਾਲੇ ਵਿਅਕਤੀ ਰਣਜੀਤ ਸਿੰਘ ਰਾਜਾ (55) ਪੁੱਤਰ ਮੋਹਨ ਲਾਲ ਦੀ ਮੌਤ ਹੋ ਗਈ।
ਘਰ ’ਚ ਗੈਸ ਸਿਲੰਡਰ ਫਟਣ ਦੀ ਸੂਚਨਾ ਮਿਲਦਿਆਂ ਹੀ ਜੰਡਿਆਲਾ ਪੁਲਿਸ ਚੌਕੀ ਦੇ ਇੰਚਾਰਜ ਐੱਸ. ਆਈ. ਰਜਿੰਦਰ ਸਿੰਘ, ਸੀਨੀ. ਕਾਂਸਟੇਬਲ ਦਲਜੀਤ ਸਿੰਘ ਤੇ ਹੋਰ ਕਰਮਚਾਰੀ ਮੌਕੇ ’ਤੇ ਪਹੁੰਚੇ ਤੇ ਸਭ ਤੋਂ ਪਹਿਲਾਂ ਅੱਗ ਨਾਲ ਬੁਰੀ ਤਰ੍ਹਾਂ ਝੁਲਸ ਗਏ ਰਣਜੀਤ ਸਿੰਘ ਨੂੰ ਹਸਪਤਾਲ ਪਹੁੰਚਾਇਆ ਤੇ ਬਾਕੀ ਪਰਿਵਾਰਕ ਮੈਂਬਰਾਂ ਨੂੰ ਸੁਰੱਖਿਅਤ ਬਾਹਰ ਕੱਢਿਆ।
ਜਾਣਕਾਰੀ ਅਨੁਸਾਰ ਮ੍ਰਿਤਕ ਦਾ ਲੜਕਾ ਕਮਲਦੀਪ ਸਿੰਘ ਵਿਦੇਸ਼ ’ਚ ਹੈ ਤੇ ਬੇਟੀ ਮਨਪ੍ਰੀਤ ਕੌਰ ਬੰਗਲੌਰ ’ਚ ਇੰਜੀਨੀਅਰ ਹੈ। ਐੱਸ. ਐੱਚ. ਓ. ਭਰਤ ਮਸੀਹ ਨੇ ਦੱਸਿਆ ਹੈ ਕਿ ਪੁਲਿਸ ਨੇ ਮ੍ਰਿਤਕ ਰਣਜੀਤ ਸਿੰਘ ਦੀ ਲਾਸ਼ ਨੂੰ ਸਿਵਲ ਹਸਪਤਾਲ ਭੇਜ ਦਿੱਤਾ ਹੈ। ਸ਼ਨੀਵਾਰ ਸਵੇਰੇ ਕਾਨੂੰਨੀ ਕਾਰਵਾਈ ਕਰ ਕੇ ਰਣਜੀਤ ਸਿੰਘ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਜਾਵੇਗੀ।