12 ਨਵੰਬਰ ਤੋਂ ਉੱਤਰਾਖੰਡ ਦੇ ਉੱਤਰਕਾਸ਼ੀ ਵਿੱਚ ਨਿਰਮਾਣ ਅਧੀਨ ਸਿਲਕਿਆਰਾ ਸੁਰੰਗ ਵਿੱਚ 40 ਮਜ਼ਦੂਰ ਫਸੇ ਹੋਏ ਹਨ। ਬਚਾਅ ਮੁਹਿੰਮ ਦਾ ਅੱਜ ਤੇਰ੍ਹਵਾਂ ਦਿਨ ਹੈ ਪਰ ਅਜੇ ਵੀ ਮਜ਼ਦੂਰਾਂ ਨੂੰ ਬਾਹਰ ਨਹੀਂ ਕੱਢਿਆ ਗਿਆ ਹੈ। ਇਕ ਪਾਸੇ ਮਜ਼ਦੂਰਾਂ ਦੇ ਪਰਿਵਾਰ ਉਨ੍ਹਾਂ ਨੂੰ ਲੈ ਕੇ ਚਿੰਤਤ ਹਨ, ਉਥੇ ਹੀ ਦੂਜੇ ਪਾਸੇ ਸੁਰੰਗ ‘ਚ ਫਸੇ ਦੋ ਮਜ਼ਦੂਰਾਂ ਦੀ ਸਿਹਤ ਵਿਗੜ ਰਹੀ ਹੈ ਜਿਸਦੇ ਚੱਲਦੇ ਉਹਨਾਂ ਨੂੰ ਭੋਜਨ ਅਤੇ ਪਾਣੀ ਦੀ ਸਪਲਾਈ ਕਰਨ ਵਾਲੀ ਪਾਈਪ ਰਾਹੀਂ ਲਗਾਤਾਰ ਦਵਾਈਆਂ ਭੇਜੀਆਂ ਜਾ ਰਹੀਆਂ ਹਨ।
ਪਰ ਹੁਣ ਸਿਲਕਿਆਰਾ ਟਨਲ ਵਿੱਚ ਫਸੇ ਮਜ਼ਦੂਰਾਂ ਨੂੰ ਬਾਹਰ ਆਉਣ ਚ ਕੁਝ ਸਮਾਂ ਹੋਰ ਲੱਗ ਸਕਦਾ ਹੈ। ਹੁਣ ਤੱਕ 48 ਮੀਟਰ ਤੱਕ ਡ੍ਰਿਲਿੰਗ ਕੀਤੀ ਜਾ ਚੁੱਕੀ ਹੈ। ਮਜ਼ਦੂਰਾਂ ਨੂੰ ਬਾਹਰ ਕੱਢਣ ਲਈ 800 ਐਮਐਮ ਦੀ ਲੋਹੇ ਦੀ ਪਾਈਪ ਵਿਛਾਈ ਜਾ ਰਹੀ ਹੈ, ਜਿਸ ਰਾਹੀਂ ਉਨ੍ਹਾਂ ਨੂੰ ਰੇਂਗ ਕੇ ਜਾਂ ਸਟਰੈਚਰ ਤੇ ਲੇਟ ਕੇ ਬਾਹਰ ਕੱਢਿਆ ਜਾਵੇਗਾ। ਇਸ ਰੂਟ ਦੇ ਅੰਦਰ ਦੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ‘ਚ ਦਿਖਾਇਆ ਗਿਆ ਹੈ ਕਿ ਇਹ ਸੁਰੰਗ ਅੰਦਰੋਂ ਕਿਹੋ ਜਿਹੀ ਹੈ।
NDRF ਦੇ ਡਾਇਰੈਕਟਰ ਜਨਰਲ ਅਤੁਲ ਕਰਵਲ ਦੇ ਮੁਤਾਬਕ ਸੁਰੰਗ ਪੂਰੀ ਹੋਣ ਤੋਂ ਬਾਅਦ, NDRF ਦਾ ਇੱਕ ਜਵਾਨ ਸੁਰੰਗ ਦੇ ਅੰਦਰ ਜਾਵੇਗਾ। ਇਸ ਤੋਂ ਬਾਅਦ ਉਹ ਇੱਕ-ਇੱਕ ਕਰਕੇ ਮਜ਼ਦੂਰਾਂ ਨੂੰ ਬਾਹਰ ਭੇਜਣਾ ਸ਼ੁਰੂ ਕਰ ਦੇਣਗੇ, ਇਸ ਦੌਰਾਨ ਉਨ੍ਹਾਂ ਨੂੰ ਰੱਸੀ ਦੀ ਮਦਦ ਨਾਲ ਜਾਂ ਪਹੀਆਂ ਵਾਲੇ ਸਟ੍ਰੈਚਰ ‘ਤੇ ਲੇਟ ਕੇ ਬਾਹਰ ਕੱਢਿਆ ਜਾਵੇਗਾ। ਇਸ ਤੋਂ ਪਹਿਲਾਂ ਪਾਈਪ ਨੂੰ ਚੰਗੀ ਤਰ੍ਹਾਂ ਸਾਫ਼ ਕੀਤਾ ਜਾਵੇਗਾ, ਤਾਂ ਜੋ ਕੋਈ ਵੀ ਮਲਬਾ ਸਟ੍ਰੈਚਰ ਨੂੰ ਅੰਦਰ ਲਿਜਾਣ ਵਿੱਚ ਰੁਕਾਵਟ ਨਾ ਬਣ ਸਕੇ।
ਦੱਸ ਦੇਈਏ ਕਿ ਇਹ ਹਾਦਸਾ 12 ਨਵੰਬਰ ਨੂੰ ਸਵੇਰੇ 4 ਵਜੇ ਵਾਪਰਿਆ ਸੀ। ਉਸਾਰੀ ਅਧੀਨ ਸਿਲਕਿਆਰਾ ਸੁਰੰਗ ਦੇ ਐਂਟਰੀ ਪੁਆਇੰਟ ਤੋਂ 200 ਮੀਟਰ ਦੀ ਦੂਰੀ ‘ਤੇ ਮਿੱਟੀ ਖਿਸਕ ਗਈ ਸੀ। ਜਿਸ ਕਾਰਨ ਮਜ਼ਦੂਰ ਅੰਦਰ ਹੀ ਫਸ ਗਏ।