ਸੁਪਰੀਮ ਕੋਰਟ ਦੀ ਪਹਿਲੀ ਮਹਿਲਾ ਜੱਜ ਅਤੇ ਤਾਮਿਲਨਾਡੂ ਦੀ ਸਾਬਕਾ ਰਾਜਪਾਲ ਫਾਤਿਮਾ ਬੀਵੀ ਦਾ 96 ਸਾਲ ਦੀ ਉਮਰ ‘ਚ ਦੇਹਾਂਤ ਹੋ ਗਿਆ ਹੈ। ਮਰਹੂਮ ਜਸਟਿਸ ਫਾਤਿਮਾ ਬੀਵੀ ਨੇ ਆਪਣੇ ਲੰਬੇ ਅਤੇ ਸ਼ਾਨਦਾਰ ਕਰੀਅਰ ਦੌਰਾਨ ਦੇਸ਼ ਭਰ ਦੀਆਂ ਔਰਤਾਂ ਲਈ ਇੱਕ ਰੋਲ ਮਾਡਲ ਅਤੇ ਮਿਸਾਲ ਵਜੋਂ ਕੰਮ ਕੀਤਾ ਹੈ। ਇਕ ਅਧਿਕਾਰਤ ਸੂਤਰ ਨੇ ਦੱਸਿਆ ਕਿ ਜਸਟਿਸ ਬੀਬੀ ਨੂੰ ਵੱਧਦੀ ਉਮਰ ਸਬੰਧੀ ਬੀਮਾਰੀਆਂ ਕਾਰਨ ਕੁਝ ਦਿਨ ਪਹਿਲਾਂ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ ਅਤੇ ਵੀਰਵਾਰ ਦੁਪਹਿਰ ਲੱਗਭਗ ਸਵਾ 12 ਵਜੇ ਉਨ੍ਹਾਂ ਦਾ ਦਿਹਾਂਤ ਹੋ ਗਿਆ।
ਜਸਟਿਸ ਬੀਬੀ 1974 ਵਿਚ ਜ਼ਿਲ੍ਹਾ ਅਤੇ ਸੈਸ਼ਨ ਜੱਜ ਬਣੀ ਅਤੇ 1980 ਵਿਚ ਉਨ੍ਹਾਂ ਨੂੰ ਇਨਕਮ ਟੈਕਸ ਅਪੀਲੀ ਟ੍ਰਿਬਿਊਨਲ ਦੇ ਨਿਆਂਇਕ ਮੈਂਬਰ ਦੇ ਰੂਪ ਵਿਚ ਨਿਯੁਕਤ ਕੀਤਾ ਗਿਆ। ਉਨ੍ਹਾਂ ਨੂੰ 1983 ‘ਚ ਕੇਰਲ ਹਾਈ ਕੋਰਟ ‘ਚ ਤਰੱਕੀ ਦਿੱਤੀ ਅਤੇ ਅਗਲੇ ਹੀ ਸਾਲ ਉਹ ਉੱਥੇ ਸਥਾਨਕ ਜੱਜ ਬਣ ਗਈ। ਉਹ 1989 ਵਿਚ ਭਾਰਤ ਦੇ ਸੁਪਰੀਮ ਕੋਰਟ ਦੀ ਪਹਿਲੀ ਮਹਿਲਾ ਜੱਜ ਬਣੀ ਅਤੇ 1992 ਵਿਚ ਉੱਥੋਂ ਸੇਵਾਮੁਕਤ ਹੋਈ। ਜਸਟਿਸ ਬੀਬੀ ਨੇ ਸੇਵਾਮੁਕਤ ਹੋਣ ਮਗਰੋਂ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਦੀ ਮੈਂਬਰ ਦੇ ਰੂਪ ਵਿਚ ਕੰਮ ਕੀਤਾ। ਉਹ 1997 ਵਿਚ ਤਾਮਿਲਨਾਡੂ ਦੀ ਰਾਜਪਾਲ ਬਣੀ।