ਜੰਲਧਰ ਵਿੱਚ ਕਿਸਾਨਾਂ ਦੇ ਧਰਨੇ ਦਾ ਅੱਜ ਚੌਥਾ ਦਿਨ ਹੈ। ਕਿਸਾਨਾਂ ਵੱਲੋਂ ਜਲੰਧਰ ਨੇੜੇ ਨਵੀਂ ਦਿੱਲੀ-ਜੰਮੂ ਨੈਸ਼ਨਲ ਹਾਈਵੇਅ ਅਤੇ ਰੇਲਵੇ ਟ੍ਰੈਕ ਜਾਮ ਕਰ ਦਿੱਤਾ ਗਿਆ ਹੈ। ਗੰਨੇ ਦੇ ਰੇਟ ਵਧਾਉਣ ਅਤੇ ਹੋਰ ਮੰਗਾਂ ਨੂੰ ਲੈ ਕੇ ਕਿਸਾਨ ਸੜਕਾਂ ਤੇ ਬੈਠੇ ਹਨ। ਹੁਣ ਸੂਤਰਾਂ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਅੱਜ ਦੁਪਹਿਰ 12 ਵਜੇ ਕਿਸਾਨਾਂ ਨਾਲ ਮੀਟਿੰਗ ਕਰਨਗੇ। ਮੀਟਿੰਗ ਦੁਪਹਿਰ 12 ਵਜੇ ਮੁੱਖ ਮੰਤਰੀ ਦੀ ਰਿਹਾਇਸ਼ ‘ਤੇ ਹੋਵੇਗੀ।
ਦੱਸਣਯੋਗ ਹੈ ਕਿ ਮੁੱਖ ਮੰਤਰੀ ਨੇ 2 ਦਿਨ ਪਹਿਲਾਂ ਹੀ ਕਿਸਾਨਾਂ ਨੂੰ ਗੱਲਬਾਤ ਕਰਨ ਲਈ ਸੱਦਾ ਦਿੱਤਾ ਸੀ। ਉਨ੍ਹਾਂ ਨੇ ਟਵੀਟ ਕਰਕੇ ਕਿਹਾ ਸੀ ਕਿ ਸੜਕਾਂ ਗੱਲਬਾਤ ਕਰਨ ਲਈ ਨਹੀਂ ਹਨ। ਰਾਹ ਬੰਦ ਕਰਕੇ ਆਮ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਹੈ। ਮੁੱਖ ਮੰਤਰੀ ਨੇ ਕਿਸਾਨਾਂ ਨੂੰ ਰਸਤੇ ਨਾ ਬੰਦ ਕਰਨ ਦੀ ਅਪੀਲ ਕੀਤੀ ਸੀ। ਹੁਣ ਜੇਕਰ ਅੱਜ ਇਹ ਮੀਟਿੰਗ ਕਿਸਾਨਾਂ ਦੇ ਹੱਕ ‘ਚ ਹੁੰਦੀ ਹੈ ਤਾਂ ਪੰਜਾਬ ਵਾਸੀਆਂ ਨੂੰ ਵੱਡੀ ਰਾਹਤ ਮਿਲ ਸਕਦੀ ਹੈ।
ਹਾਈਵੇਅ ਅਤੇ ਰੇਲਵੇ ਟ੍ਰੈਕ ਜਾਮ ਹੋਣ ਕਾਰਨ ਸੈਂਕੜੇ ਲੋਕ ਪ੍ਰੇਸ਼ਾਨ ਹਨ। ਦੱਸ ਦਈਏ ਕਿ ਸਵਰਨ ਸ਼ਤਾਬਦੀ ਸਮੇਤ ਦਰਜਨਾਂ ਟ੍ਰੇਨਾਂ ਰੱਦ ਕੀਤੀਆਂ ਗਈਆਂ ਹਨ ਅਤੇ ਕਈ ਟ੍ਰੇਨਾਂ ਦੇ ਰੂਟ ਬਦਲੇ ਗਏ ਹਨ। ਕਿਸਾਨਾਂ ਨੇ ਅਣਮਿੱਥੇ ਸਮੇਂ ਲਈ ਰੇਲਵੇ ਟ੍ਰੈਕ ਵੀ ਜਾਮ ਕਰ ਦਿੱਤਾ ਹੈ। ਲੁਧਿਆਣਾ ਵੱਲ ਜਾਂਦੇ ਸਮੇਂ ਪੀਏਪੀ ਚੌਕ ਤੋਂ ਕੁਝ ਦੂਰੀ ਤੇ ਧਨੋਵਾਲੀ ਫਾਟਕ ਨੇੜੇ ਕਿਸਾਨਾਂ ਨੇ ਰੇਲਵੇ ਟਰੈਕ ਅਤੇ ਨੈਸ਼ਨਲ ਹਾਈਵੇਅ ਨੂੰ ਬੰਦ ਕਰ ਦਿੱਤਾ ਹੈ। ਹਾਲਾਂਕਿ ਦੇਰ ਰਾਤ ਤੋਂ ਬਾਅਦ ਕਿਸਾਨਾਂ ਵੱਲੋਂ ਹਾਈਵੇਅ ਦੀ ਸਰਵਿਸ ਲੇਨ ਨੂੰ ਖੋਲ੍ਹ ਦਿੱਤਾ ਗਿਆ।