ਪੰਜਾਬ ‘ਚ ਰਹਿਣ ਵਾਲੇ ਲੋਕਾਂ ਲਈ ਮੌਸਮ ਨੂੰ ਲੈ ਕੇ ਅਹਿਮ ਖ਼ਬਰ ਸ੍ਹਾਮਣੇ ਆਈ ਹੈ। 25 ਨਵੰਬਰ ਦੀ ਰਾਤ ਤੋਂ ਇੱਕ ਨਵਾਂ ਪੱਛਮੀ ਗੜਬੜ ਸਰਗਰਮ ਹੋ ਰਿਹਾ ਹੈ। ਇਸ ਦੇ ਪ੍ਰਭਾਵ ਕਾਰਨ 27 ਨਵੰਬਰ ਨੂੰ ਪੰਜਾਬ ‘ਚ ਕੁਝ ਥਾਵਾਂ ‘ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਮੀਂਹ ਕਾਰਨ ਦਿਨ ਅਤੇ ਰਾਤ ਦੇ ਤਾਪਮਾਨ ਵਿੱਚ ਦੋ ਡਿਗਰੀ ਦੀ ਗਿਰਾਵਟ ਆ ਸਕਦੀ ਹੈ। ਫਿਲਹਾਲ ਪੰਜਾਬ ‘ਚ ਸਵੇਰ ਦੇ ਸਮੇਂ ਕੁਝ ਥਾਵਾਂ ‘ਤੇ ਧੁੰਦ ਪੈ ਰਹੀ ਹੈ ਪਰ ਬਾਰਿਸ਼ ਤੋਂ ਬਾਅਦ ਧੁੰਦ ਹੋਰ ਸੰਘਣੀ ਹੋਣ ਦੀ ਸੰਭਾਵਨਾ ਹੈ।
ਪੰਜਾਬ ਦੇ ਕਈ ਸ਼ਹਿਰਾਂ ਵਿੱਚ ਇਸ ਵੇਲੇ AQI ਵਿੱਚ ਸੁਧਾਰ ਹੁੰਦਾ ਨਜ਼ਰ ਨਹੀਂ ਆ ਰਿਹਾ ਹੈ। ਸੂਬੇ ਵਿੱਚ ਸਭ ਤੋਂ ਵੱਧ ਪ੍ਰਦੂਸ਼ਿਤ ਹਵਾ ਬਠਿੰਡਾ ਦੀ ਹੈ, ਜਿਸ ਦਾ AQI ਕੱਲ੍ਹ 350 ਦਰਜ ਕੀਤਾ ਗਿਆ ਸੀ। ਪਟਿਆਲਾ ਸਮੇਤ ਚਾਰ ਸ਼ਹਿਰਾਂ ਦੀ ਹਵਾ ਮਾੜੀ ਸ਼੍ਰੇਣੀ ਵਿੱਚ ਰਹੀ। ਪਟਿਆਲਾ ਦਾ AQI ਲਗਭਗ 254, ਲੁਧਿਆਣਾ ਦਾ 287, ਖੰਨਾ ਅਤੇ ਜਲੰਧਰ ਦਾ 210 ਦਰਜ ਕੀਤਾ ਗਿਆ। ਜਦਕਿ AQI ਅੰਮ੍ਰਿਤਸਰ ਵਿੱਚ 188 ਅਤੇ ਮੰਡੀ ਗੋਬਿੰਦਗੜ੍ਹ ਵਿੱਚ 155 ਦਰਜ ਕੀਤਾ ਗਿਆ।