ਪੰਜਾਬ ‘ਚ ਲੁੱਟ-ਖੋਹ ਦੀਆਂ ਵਾਰਦਾਤਾਂ ਦਿਨੋਂ-ਦਿਨ ਵਧਦੀਆਂ ਜਾ ਰਹੀਆਂ ਹਨ। ਹੁਣ ਇਸੇ ਨਾਲ ਜੁੜਿਆ ਨਵਾਂ ਮਾਮਲਾ ਰੋਪੜ ਤੋਂ ਸਾਹਮਣੇ ਆਇਆ ਹੈ। ਰੋਪੜ ਵਿੱਚ ਅੱਜ ਲੁਟੇਰੇ ਇੱਕ ਵਪਾਰੀ ਦੀ ਬਜ਼ੁਰਗ ਮਾਤਾ ਨੂੰ ਦਿਨ ਦਿਹਾੜੇ ਨਿਸ਼ਾਨਾ ਬਣਾ ਕੇ ਉਸ ਦੀ ਸੋਨੇ ਦੀ ਚੈਨ ਖੋਹ ਕੇ ਫਰਾਰ ਹੋ ਗਏ। ਇਨਾਂ ਵਾਰਦਾਤਾਂ ਨੇ ਸ਼ਹਿਰ ਵਿਚ ਸਹਿਮ ਦਾ ਮਾਹੋਲ ਬਣਾ ਦਿੱਤਾ ਹੈ ਅਤੇ ਇਲਾਕੇ ਦੇ ਵਪਾਰੀ ਤੇ ਆਮ ਲੋਕ ਕਾਫੀ ਡਰੇ ਹੋਏ ਹਨ। ਵਾਰਦਾਤ ਸੀ ਸੀ ਟੀ ਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ ਤੇ ਪੁਲਿਸ ਨੇ ਮੋਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਜਲਦ ਹੀ ਲੁਟੇਰਿਆਂ ਤੱਕ ਪਹੁੰਚਣ ਦਾ ਦਾਅਵਾ ਕੀਤਾ ਗਿਆ ਹੈ।
ਇਸ ਪੂਰੀ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਵਪਾਰੀ ਸ਼ਕਤੀ ਤ੍ਰਿਪਾਠੀ ਦੀ ਮਾਤਾ ਨੇ ਦੱਸਿਆ ਉਹ ਆਪਣੇ ਘਰ ਦੇ ਬਾਹਰ ਖੜੇ ਸਨ ਤੇ ਮੋਟਰਸਾਈਕਲ ਤੇ ਸਵਾਰ ਦੋ ਵਿਅਕਤੀ ਉੱਨਾਂ ਪਾਸ ਆ ਕੇ ਰੁਕੇ ਤੇ ਇਕਦਮ ਲੁਟੇਰਿਆਂ ਨੇ ਉਨਾ ਦੇ ਗਲੇ ਵਿਚ ਪਾਈ ਸੋਨੇ ਦੀ ਚੈਨ ਤੇ ਝਪੱਟਾ ਮਾਰ ਦਿੱਤਾ ਤੇ ਚੈਨ ਖੋਹ ਕੇ ਫਰਾਰ ਹੋ ਗਏ।
ਇਨ੍ਹਾਂ ਹਾਲਾਤਾਂ ਬਾਰੇ ਸੀਨੀਅਰ ਅਕਾਲੀ ਨੇਤਾ ਡਾਕਟਰ ਦਲਜੀਤ ਸਿੰਘ ਚੀਮਾ ਸਮੇਤ ਸਥਾਨਕ ਵਪਾਰੀਆਂ ਨੇ ਨਿੰਦਾ ਕਰਦਿਆਂ ਅਮਨ ਕਾਨੂੰਨ ਦੀ ਸਥਿਤੀ ਤੇ ਸਵਾਲ ਖੜੇ ਕੀਤੇ ਹਨ। ਡਾਕਟਰ ਚੀਮਾ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਹੁਣ ਹਾਲਾਤ ਇਹ ਬਣ ਗਏ ਹਨ ਕਿ ਕੋਈ ਬਜ਼ੁਰਗ ਆਪਣੇ ਘਰ ਦੇ ਬਾਹਰ ਵੀ ਸੁਰੱਖਿਅਤ ਨਹੀਂ ਹੈ ਅਤੇ ਮਹਿਲਾਵਾਂ ਇਕੱਲੀਆਂ ਬਾਹਰ ਨਹੀਂ ਨਿਕਲ ਸਕਦੀਆਂ।
ਲੁੱਟ ਖੋਹ ਦੀ ਇਹ ਕੋਈ ਪਹਿਲੀ ਘਟਨਾ ਨਹੀਂ ਹੈ ਬਲਕਿ ਇਸ ਤੋਂ ਪਹਿਲਾਂ ਵੀ ਇਸ ਤਰਾਂ ਦੀਆਂ ਵਾਰਦਾਤਾਂ ਹੋ ਚੁੱਕੀਆਂ ਹਨ ਪਰ ਅਜਿਹੀਆਂ ਘਟਨਾਵਾਂ ਤੇ ਰੋਕ ਨਹੀ ਲੱਗ ਰਿਹੀ ਤੇ ਨਾ ਹੀ ਇਹ ਲੁਟੇਰੇ ਕਾਬੂ ਚ ਆ ਰਹੇ ਹਨ।