ਵਿਰੋਧੀ ਧਿਰ ਨੂੰ ਪੰਜਾਬ ਵਿਧਾਨ ਸਭਾ ਕਵਰੇਜ ਵਿੱਚ ਨਜ਼ਰਅੰਦਾਜ਼ ਕਰਨ ਦਾ ਮਾਮਲਾ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਪਹੁੰਚਿਆ ਹੈ। ਪੰਜਾਬ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਇਸ ਮਾਮਲੇ ਸੰਬੰਧੀ ਹਾਈਕੋਰਟ ‘ਚ ਪਟੀਸ਼ਨ ਦਾਇਰ ਕੀਤੀ ਹੈ। ਦੱਸ ਦਈਏ ਕਿ ਅੱਜ ਇਸੇ ਪਟੀਸ਼ਨ ‘ਤੇ ਸੁਣਵਾਈ ਹੋਈ ਜਿਸ ਨੂੰ 4 ਹਫਤਿਆਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਪਟੀਸ਼ਨਕਰਤਾ ਦੇ ਵਕੀਲ ਨੇ ਵਿਧਾਨ ਵਿੱਚ ਕਾਰਵਾਈ ਦਾ ਟੈਲੀਕਾਸਟ ਕਿਸ ਤਰ੍ਹਾਂ ਹੁੰਦਾ ਹੈ, ਇਸ ਸਬੰਧੀ ਜਾਣਕਾਰੀ ਮੰਗੀ ਹੈ।
ਕੀ ਹੈ ਮਾਮਲਾ?
ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਅਤੇ ਸੀਨੀਅਰ ਕਾਂਗਰਸੀ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਖ਼ਲ ਕਰਕੇ ਦੋਸ਼ ਲਗਾਇਆ ਹੈ ਕਿ ਵਿਧਾਨ ਸਭਾ ਸੈਸ਼ਨ ਦੌਰਾਨ ਸਿਰਫ਼ ਸੱਤਾਧਾਰੀ ਪਾਰਟੀ ਤੇ ਉਨ੍ਹਾਂ ਦੇ ਨੇਤਾਵਾਂ ਨੂੰ ਵਿਧਾਨ ਸਭਾ ਤੋਂ ਕੀਤੀ ਜਾ ਰਹੀ ਟੈਲੀਕਾਸਟ ਵਿੱਚ ਤਵੱਜੋ ਦਿੱਤੀ ਜਾਂਦੀ ਪਰ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਘੱਟ ਦਿਖਾਇਆ ਜਾਂਦਾ ਹੈ, ਜਦ ਵਿਰੋਧੀ ਧਿਰ ਦੇ ਨੇਤਾ ਬੋਲਦੇ ਹਨ ਤਾਂ ਕੈਮਰਾ ਉਨ੍ਹਾਂ ਉਪਰ ਨਹੀਂ ਹੁੰਦਾ।ਇਸ ਤਰ੍ਹਾਂ ਨਾਲ ਉਨ੍ਹਾਂ ਉਪਰ ਕਵਰੇਜ ਨਹੀਂ ਮਿਲਦੀ ਹੈ।
ਇਸ ਨੂੰ ਲੈ ਕੇ ਉਨ੍ਹਾਂ ਨੇ ਵਿਧਾਨ ਸਭਾ ਸਪੀਕਰ ਨੂੰ ਸ਼ਿਕਾਇਤ ਵੀ ਦਿੱਤੀ ਸੀ, ਜਿਸ ਉਤੇ ਕੋਈ ਕਾਰਵਾਈ ਵੀ ਨਹੀਂ ਹੋਈ। ਹੁਣ ਹਾਰ ਕੇ ਬਾਜਵਾ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਖ਼ਲ ਕਰਕੇ ਮੰਗ ਕੀਤੀ ਹੈ। ਉਨ੍ਹਾਂ ਨੇ ਹਾਈ ਕੋਰਟ ਨੂੰ ਨਿਰਦੇਸ਼ ਜਾਰੀ ਕਰਨ ਦੀ ਮੰਗ ਕੀਤੀ ਕਿ ਵਿਧਾਨ ਸਭਾ ਸੈਸ਼ਨ ਦੇ ਸਮੇਂ ਸਾਰਿਆਂ ਨੂੰ ਬਰਾਬਰ ਕਵਰੇਜ ਦਿੱਤੀ ਜਾਵੇ।