ਪਿਛਲੇ ਕਈ ਦਿਨਾਂ ਤੋਂ ਇਜ਼ਰਾਈਲ-ਹਮਾਸ ਵਿਚਲੇ ਯੁੱਧ ਲਗਾਤਾਰ ਚੱਲ ਰਿਹਾ ਹੈ। ਇਸ ਯੁੱਧ ‘ਚ ਇਹਨਾਂ ਅੱਤਵਾਦੀਆਂ ਨੇ ਕਈ ਮਾਸੂਮ ਬੱਚਿਆਂ, ਮਾਵਾਂ , ਔਰਤਾਂ ਅਤੇ ਨਿਰਦੋਸ਼ ਲੋਕਾਂ ਨੂੰ ਬੰਧਕ ਬਣਾਇਆ ਗਿਆ ਹੈ। ਪਰ ਇਸ ਨਾਲ ਜੁੜੀ ਹੁਣ ਇੱਕ ਅਹਿਮ ਖਬਰ ਸਾਹਮਣੇ ਆਈ ਹੈ ਕਿ ਇਜ਼ਰਾਈਲੀ ਸਰਕਾਰ ਨੇ ਹਮਾਸ ਦੁਆਰਾ ਬੰਧਕ ਬਣਾਈਆਂ 50 ਔਰਤਾਂ ਅਤੇ ਬੱਚਿਆਂ ਦੀ ਰਿਹਾਈ ਦੇ ਨਾਲ 4 ਦਿਨਾਂ ਦੀ ਜੰਗਬੰਦੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸਮਝੌਤੇ ਦੇ ਮੁਤਾਬਿਕ , 50 ਬੰਧਕਾਂ ਨੂੰ 96ਘੰਟਿਆਂ ਦੌਰਾਨ ਲੜਾਈ ਰੋਕਣ ਦੇ ਬਦਲੇ ਪਹਿਲੇ ਚਾਰ ਦਿਨਾਂ ਦੇ ਅੰਦਰ ਰਿਹਾਅ ਕੀਤਾ ਜਾਵੇਗਾ। ਕਰੀਬ 40 ਬੱਚਿਆਂ ਅਤੇ 13 ਮਾਵਾਂ ਨੂੰ ਹਮਾਸ ਨੇ ਬੰਧਕ ਬਣਾ ਲਿਆ ਹੈ। ਪ੍ਰਵਾਨਿਤ ਸੌਦੇ ਵਿੱਚ 30 ਬੱਚਿਆਂ, ਅੱਠ ਮਾਵਾਂ ਅਤੇ 12 ਹੋਰ ਔਰਤਾਂ ਦੀ ਰਿਹਾਈ ਸ਼ਾਮਲ ਹੈ।
ਉਨ੍ਹਾਂ ਦਿਨਾਂ ਵਿਚ 50 ਬੰਧਕਾਂ ਨੂੰ ਇਕੱਠੇ ਨਹੀਂ ਸਗੋਂ ਛੋਟੇ ਸਮੂਹਾਂ ਵਿਚ ਰਿਹਾਅ ਕੀਤਾ ਜਾਵੇਗਾ। ਜੇਕਰ ਅਗਲੇ ਚਾਰ ਦਿਨਾਂ ਤੱਕ ਲੜਾਈ ਰੁਕ ਜਾਂਦੀ ਹੈ ਤਾਂ ਗਾਜ਼ਾ ਵਿੱਚ ਰੱਖੇ ਬਾਕੀ 30 ਬੰਧਕਾਂ ਦੀ ਰਿਹਾਈ ਦੀ ਸੰਭਾਵਨਾ ਹੈ। ਰਿਹਾਈ ਲਈ ਤਹਿ ਕੀਤੇ ਗਏ ਸਾਰੇ ਲੋਕ ਜਿੰਦਾ ਹਨ ਅਤੇ ਇਜ਼ਰਾਈਲ ਦੀ ਨਾਗਰਿਕਤਾ ਰੱਖਦੇ ਹਨ। ਕਤਰ ਦੇ ਅਧਿਕਾਰੀ ਇਜ਼ਰਾਈਲ ਅਤੇ ਹਮਾਸ ਵਿਚਾਲੇ ਸਮਝੌਤੇ ‘ਚ ਵਿਚੋਲਗੀ ਕਰ ਰਹੇ ਹਨ। ਪ੍ਰਧਾਨ ਮੰਤਰੀ ਨੇਤਨਯਾਹੂ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਸਮਝੌਤੇ ਤੱਕ ਪਹੁੰਚਣ ਵਿੱਚ ਮਦਦ ਕੀਤੀ ਤਾਂ ਜੋ ਇਸ ਵਿੱਚ ਹੋਰ ਬੰਧਕਾਂ ਅਤੇ ਕੁਝ ਰਿਆਇਤਾਂ ਸ਼ਾਮਲ ਹੋਣ। ਪਿਛਲੇ ਡੇਢ ਮਹੀਨੇ ਤੋਂ ਗਾਜ਼ਾ ‘ਤੇ ਇਜ਼ਰਾਈਲ ਦੇ ਲਗਾਤਾਰ ਹਮਲੇ ਤੋਂ ਬਾਅਦ ਇਹ ਪਹਿਲੀ ਜੰਗਬੰਦੀ ਹੋਵੇਗੀ। ਇਸ ਜੰਗਬੰਦੀ ਕਾਰਨ ਗਾਜ਼ਾ ਤੱਕ ਮਨੁੱਖੀ ਸਹਾਇਤਾ ਵੀ ਪਹੁੰਚ ਸਕੇਗੀ।
ਤੁਹਾਨੂੰ ਦੱਸ ਦਈਏ ਕਿ 7 ਅਕਤੂਬਰ ਨੂੰ ਇਜ਼ਰਾਈਲ ‘ਤੇ ਹਮਲਾ ਕਰਨ ਤੋਂ ਬਾਅਦ ਹਮਾਸ ਨੇ ਕਰੀਬ 240 ਲੋਕਾਂ ਨੂੰ ਬੰਧਕ ਬਣਾ ਲਿਆ ਸੀ।ਇਜ਼ਰਾਈਲੀ ਸਰਕਾਰ ਨੇ ਕਿਹਾ ਹੈ ਕਿ ਇਜ਼ਰਾਈਲੀ ਨਾਗਰਿਕਾਂ ਤੋਂ ਇਲਾਵਾ ਅੱਧੇ ਤੋਂ ਵੱਧ ਬੰਧਕਾਂ ਕੋਲ ਅਮਰੀਕਾ, ਥਾਈਲੈਂਡ, ਬ੍ਰਿਟੇਨ, ਫਰਾਂਸ, ਅਰਜਨਟੀਨਾ, ਜਰਮਨੀ, ਚਿੱਲੀ, ਸਪੇਨ ਅਤੇ ਪੁਰਤਗਾਲ ਸਮੇਤ ਲਗਭਗ 40 ਦੇਸ਼ਾਂ ਦੀ ਵਿਦੇਸ਼ੀ ਅਤੇ ਦੋਹਰੀ ਨਾਗਰਿਕਤਾ ਸੀ।