NIA ਦੇਸ਼ ਵਿਰੋਧੀ ਗਤੀਵਿਧੀਆਂ ਨੂੰ ਖਤਮ ਕਰਨ ਲਈ ਲਗਾਤਾਰ ਕਾਰਵਾਈ ਕਰ ਰਹੀ ਹੈ। ਕੁਝ ਦਿਨ ਪਹਿਲਾਂ ਵੀ NIA ਨੇ ਕਈ ਸੂਬਿਆਂ ‘ਚ ਖਾਲਿਸਤਾਨੀ ਨੈੱਟਵਰਕ ਦੇ ਠਿਕਾਣਿਆਂ ‘ਤੇ ਛਾਪੇਮਾਰੀ ਕੀਤੀ ਸੀ। ਅੱਜ ਇੱਕ ਵਾਰ ਫਿਰ NIA ਪੰਜਾਬ ਅਤੇ ਹਰਿਆਣਾ ਵਿੱਚ ਕਰੀਬ 15 ਥਾਵਾਂ ‘ਤੇ ਛਾਪੇਮਾਰੀ ਕਰ ਰਹੀ ਹੈ। NIA ਨੇ ਹੁਣ ਬੁਧਵਾਰ ਸਵੇਰੇ ਖੰਨਾ ‘ਚ ਸਿਮਰਜੀਤ ਸਿੰਘ ਬੈਂਸ ਦੇ ਨਜ਼ਦੀਕੀ ਰਹੇ ਲੋਕ ਇਨਸਾਫ਼ ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਸੀਆਰ ਕੰਗ ਦੇ ਘਰ ਤੇ ਨਸ਼ਾ ਛੁਡਾਊ ਕੇਂਦਰ ‘ਤੇ ਛਾਪਾ ਮਾਰਿਆ ਹੈ। ਦੱਸ ਦਈਏ ਕਿ NIA ਦੀ ਟੀਮ ਸਵੇਰੇ ਕਰੀਬ 6 ਵਜੇ ਪਿੰਡ ਬਾਹੋਮਾਜਰਾ ਵਿਖੇ ਸੀਆਰ ਕੰਗ ਦੇ ਘਰ ਪਹੁੰਚੀ।
ਇਸ ਦੌਰਾਨ NIA ਨੇ ਕੰਗ ਦੇ ਵਿਦੇਸ਼ੀ ਸਬੰਧਾਂ ਦੀ ਜਾਂਚ ਕੀਤੀ। ਪੁੱਛਗਿੱਛ ਤੋਂ ਬਾਅਦ ਐਨਆਈਏ ਦੀ ਟੀਮ ਕੰਗ ਨੂੰ ਨਾਲ ਲੈ ਕੇ ਜੀਟੀ ਰੋਡ ਭੱਟੀਆਂ ਸਥਿਤ ਉਨ੍ਹਾਂ ਦੇ ਨਸ਼ਾ ਛੁਡਾਊ ਕੇਂਦਰ ਪਹੁੰਚੀ। ਇੱਥੇ ਵੀ ਕਰੀਬ ਅੱਧਾ ਘੰਟਾ ਜਾਂਚ ਚੱਲੀ। ਇਸ ਤੋਂ ਬਾਅਦ NIA ਦੀ ਟੀਮ ਰਵਾਨਾ ਹੋ ਗਈ। NIA ਦੇ ਛਾਪੇ ਤੋਂ ਬਾਅਦ ਸੀਆਰ ਕੰਗ ਖੁਦ ਮੀਡੀਆ ਦੇ ਸਾਹਮਣੇ ਆਏ। ਸੀਆਰ ਕੰਗ ਨੇ ਦਾਅਵਾ ਕੀਤਾ ਕਿ ਉਹਨਾਂ ਦੇ ਕੋਈ ਵਿਦੇਸ਼ੀ ਸਬੰਧ ਸਾਹਮਣੇ ਨਹੀਂ ਆਏ। ਇਸ ਤੋਂ ਬਾਅਦ NIA ਦੀ ਟੀਮ ਨੇ ਉਹਨਾਂ ਨੂੰ ਕਲੀਨ ਚਿੱਟ ਦੇ ਦਿੱਤੀ। ਉਨ੍ਹਾਂ ਕਿਹਾ ਕਿ ਜੇਕਰ ਭਵਿੱਖ ‘ਚ ਉਨ੍ਹਾਂ ਨੂੰ ਬੁਲਾਇਆ ਗਿਆ ਤਾਂ ਉਹ ਸਬੂਤ ਲੈ ਕੇ ਜਾਂਚ ‘ਚ ਸ਼ਾਮਲ ਹੋਣਗੇ।