ਪੰਜਾਬ ‘ਚ ਫਿਰੌਤੀ ਮੰਗਣ ਦੇ ਮਾਮਲੇ ਦਿਨੋ ਦਿਨ ਵੱਧ ਰਹੇ ਹਨ। ਹੁਣ ਇਸੇ ਤਹਿਤ ਥਾਣਾ ਦੁੱਗਰੀ ਦੀ ਪੁਲਿਸ ਨੇ 5 ਲੱਖ ਰੁਪਏ ਦੀ ਫਿਰੌਤੀ ਮੰਗਣ ਵਾਲੇ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ‘ਚ ਵੱਡੀ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਅਨੁਸਾਰ ਸ਼ਹਿਰ ਦੇ ਫੇਜ਼-3 ਸਥਿਤ ਸ਼ਹੀਦ ਕਰਨਲ ਸਿੰਘ ਨਗਰ ਦੇ ਵਸਨੀਕ ਅਜੈ ਪ੍ਰਕਾਸ਼ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 18 ਨਵੰਬਰ ਨੂੰ ਸਵੇਰੇ 9.27 ਵਜੇ ਉਸ ਨੂੰ 5 ਲੱਖ ਰੁਪਏ ਦੀ ਫਿਰੌਤੀ ਲਈ ਫ਼ੋਨ ਆਇਆ।
ਫੋਨ ਕਰਨ ਵਾਲੇ ਨੇ ਕਿਹਾ ਕਿ ਜੇਕਰ ਉਸ ਨੇ ਪੈਸੇ ਨਾ ਦਿੱਤੇ ਤਾਂ ਉਹ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਮਾਰ ਦੇਵੇਗਾ। ਅਗਲੇ ਦਿਨ ਮੁਲਜ਼ਮ ਨੇ ਫਿਰ ਫੋਨ ਕਰਕੇ ਫਿਰੌਤੀ ਦੀ ਰਕਮ ਵਸੂਲਣ ਲਈ ਜਗ੍ਹਾ ਦੱਸੀ ਅਤੇ ਫੋਨ ਬੰਦ ਕਰ ਦਿੱਤਾ। ਇੰਨਾ ਹੀ ਨਹੀਂ, ਇਕ ਦਿਨ ਬਾਅਦ ਦੋਸ਼ੀ ਨੇ ਫਿਰ ਫੋਨ ਕਰਕੇ ਧਮਕੀਆਂ ਦਿੱਤੀਆਂ ਅਤੇ ਫਿਰੌਤੀ ਦੀ ਮੰਗ ਕੀਤੀ।
ਫਿਰ 20 ਨਵੰਬਰ ਨੂੰ ਯਾਨੀ ਬੀਤੇ ਦਿਨ ਉਸ ਨੂੰ ਕੀਜ਼ ਹੋਟਲ ਨੇੜੇ ਬੁਲਾਇਆ ਗਿਆ, ਜਿੱਥੇ ਉਕਤ ਮੁਲਜ਼ਮ ਪਹਿਲਾਂ ਹੀ ਖੜ੍ਹੇ ਸਨ, ਜਿਨ੍ਹਾਂ ਨੇ ਅਜੇ ਪ੍ਰਕਾਸ਼ ਦਾ ਨਾਂ ਲੈ ਕੇ ਨੇੜੇ ਆ ਕੇ 2.50 ਲੱਖ ਰੁਪਏ ਲੈ ਲਏ। ਸ਼ਿਕਾਇਤਕਰਤਾ ਕਾਰ ‘ਚ ਘਰ ਆਇਆ ਅਤੇ ਇਸ ਸਾਰੀ ਘਟਨਾ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ। ਜਾਂਚ ਦੌਰਾਨ ਪੁਲਿਸ ਨੇ ਦੋ ਮੁਲਜ਼ਮਾਂ ਗੁਰਪ੍ਰੀਤ ਸਿੰਘ ਅਤੇ ਲਖਵੀਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦੋਂਕਿ ਇੱਕ ਫਰਾਰ ਹੈ।