ਸੂਬਾ ਸਰਕਾਰ ਨੇ ਪੁਲਿਸ ਪ੍ਰਸ਼ਾਸਨ ਵਿੱਚ ਇੱਕ ਵੱਡਾ ਫੇਰਬਦਲ ਕੀਤਾ ਹੈ। ਦੱਸ ਦਈਏ ਕਿ ਪੰਜਾਬ ਸਰਕਾਰ ਨੇ ਸੋਮਵਾਰ ਨੂੰ ਅੰਮ੍ਰਿਤਸਰ, ਜਲੰਧਰ ਅਤੇ ਲੁਧਿਆਣਾ ਦੇ ਪੁਲਿਸ ਕਮਿਸ਼ਨਰਾਂ ਦੀ ਬਦਲੀ ਕਰਦਿਆਂ ਕੁੱਲ 31 ਪੁਲਿਸ ਅਧਿਕਾਰੀਆਂ ਦੇ ਤਬਾਦਲੇ ਅਤੇ ਤਾਇਨਾਤੀ ਦੇ ਹੁਕਮ ਜਾਰੀ ਕੀਤੇ ਹਨ।ਇਨ੍ਹਾਂ ਅਧਿਕਾਰੀਆਂ ਵਿੱਚ 21 IPS ਅਧਿਕਾਰੀ ਹਨ। ਸਰਕਾਰ ਨੇ ਸੱਤ ਜ਼ਿਲ੍ਹਿਆਂ ਮੋਗਾ, ਬਠਿੰਡਾ, ਰੂਪਗੜ੍ਹ, ਸੰਗਰੂਰ, ਹੁਸ਼ਿਆਰਪੁਰ, ਪਠਾਨਕੋਟ, ਮਲੇਰਕੋਟਲਾ ਦੇ ਐਸਐਸਪੀ ਵੀ ਬਦਲ ਦਿੱਤੇ ਹਨ। ਗ੍ਰਹਿ ਵਿਭਾਗ ਵੱਲੋਂ ਜਾਰੀ ਸੂਚੀ ਅਨੁਸਾਰ ਆਈਪੀਐਸ ਅਧਿਕਾਰੀਆਂ ਵਿੱਚ ਬੀ. ਚੰਦਰਸ਼ੇਖਰ ਨੂੰ ਏਡੀਜੀਪੀ ਮਾਡਰਨਾਈਜ਼ੇਸ਼ਨ ਪੰਜਾਬ ਚੰਡੀਗੜ੍ਹ, ਪ੍ਰਵੀਨ ਕੁਮਾਰ ਸਿਨਹਾ ਨੂੰ ਏਡੀਜੀਪੀ ਐਨਆਰਆਈ ਪੰਜਾਬ ਐਸਏਐਸ ਨਗਰ ਅਤੇ ਨੀਰਜਾ ਵੋਰੁਵਰੂ ਨੂੰ ਏਡੀਜੀਪੀ ਸਾਈਬਰ ਕ੍ਰਾਈਮ ਪੰਜਾਬ ਐਸਏਐਸ ਨਗਰ ਨਿਯੁਕਤ ਕੀਤਾ ਗਿਆ ਹੈ।
ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੌਨਿਹਾਲ ਸਿੰਘ ਨੂੰ ਡੀਜੀਪੀ ਪੰਜਾਬ ਨੂੰ ਰਿਪੋਰਟ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਦੀ ਤਾਇਨਾਤੀ ਦੇ ਹੁਕਮ ਬਾਅਦ ਵਿੱਚ ਜਾਰੀ ਕੀਤੇ ਜਾਣਗੇ। ਰਾਜੇਸ਼ ਕੁਮਾਰ ਜੈਸਵਾਲ ਨੂੰ ਏਡੀਜੀਪੀ ਇੰਟੈਲੀਜੈਂਸ-1 ਪੰਜਾਬ ਐਸਏਐਸ ਨਗਰ ਅਤੇ ਨੀਲਭ ਕਿਸ਼ੋਰ ਨੂੰ ਏਡੀਜੀਪੀ ਐਸਟੀਐਫ ਪੰਜਾਬ ਦੀ ਵਾਧੂ ਜ਼ਿੰਮੇਵਾਰੀ ਸੌਂਪੀ ਗਈ ਹੈ। ਉਹ ਆਈਜੀ ਅੰਦਰੂਨੀ ਸੁਰੱਖਿਆ ਪੰਜਾਬ ਵਜੋਂ ਤਾਇਨਾਤ ਹਨ। ਆਈਜੀ (ਇੰਟੈਲੀਜੈਂਸ) ਪੰਜਾਬ ਜਸਕਰਨ ਸਿੰਘ ਨੂੰ ਮੌਜੂਦਾ ਚਾਰਜ ਸਮੇਤ ਏਡੀਜੀਪੀ ਰੂਪਨਗਰ ਰੇਂਜ ਅਤੇ ਏਡੀਜੀਪੀ ਇੰਟੈਲੀਜੈਂਸ-2 ਪੰਜਾਬ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਆਈਜੀ (ਤਕਨੀਕੀ ਸੇਵਾਵਾਂ ਪੰਜਾਬ ਚੰਡੀਗੜ੍ਹ) ਪ੍ਰਦੀਪ ਕੁਮਾਰ ਯਾਦਵ ਨੂੰ ਉਨ੍ਹਾਂ ਦੇ ਮੌਜੂਦਾ ਚਾਰਜ ਸਮੇਤ ਰੈਜ਼ੀਡੈਂਟ ਕਮਿਸ਼ਨਰ, ਪੰਜਾਬ ਭਵਨ, ਨਵੀਂ ਦਿੱਲੀ ਨਿਯੁਕਤ ਕੀਤਾ ਗਿਆ ਹੈ।
ਗੁਰਪ੍ਰੀਤ ਸਿੰਘ ਭੁੱਲਰ, ਜੋ ਕਿ ਰੂਪਨਗਰ ਰੇਂਜ ਦੇ ਆਈਜੀ ਸਨ, ਨੂੰ ਨੌਨਿਹਾਲ ਸਿੰਘ ਦੀ ਥਾਂ ‘ਤੇ ਅੰਮ੍ਰਿਤਸਰ ਦਾ ਪੁਲਿਸ ਕਮਿਸ਼ਨਰ ਲਗਾਇਆ ਗਿਆ ਹੈ, ਜਦਕਿ ਡੀਆਈਜੀ (ਪ੍ਰਸ਼ਾਸਨ) ਪੰਜਾਬ ਡਾ. ਐੱਸ. ਭੂਪਤੀ ਨੂੰ ਡੀਆਈਟੀ ਜਲੰਧਰ ਰੇਂਜ, ਲੁਧਿਆਣਾ ਦੇ ਪੁਲੀਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੂੰ ਡੀਆਈਜੀ ਪ੍ਰਸ਼ਾਸਨ ਪੰਜਾਬ, ਜਲੰਧਰ ਰੇਂਜ ਦੇ ਡੀਆਈਜੀ ਸਵਪਨ ਸ਼ਰਮਾ ਨੂੰ ਜਲੰਧਰ ਪੁਲੀਸ ਕਮਿਸ਼ਨਰ ਅਤੇ ਜਲੰਧਰ ਪੁਲੀਸ ਕਮਿਸ਼ਨਰ ਕੁਲਦੀਪ ਸਿੰਘ ਨੂੰ ਲੁਧਿਆਣਾ ਪੁਲੀਸ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ।