ਬਾਲੀਵੁੱਡ ਗਾਇਕ ਅਰਿਜੀਤ ਸਿੰਘ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਉਸ ਦੇ ਗਾਏ ਗੀਤ ਅੱਜ ਵੀ ਲੋਕਾਂ ਦੀ ਜ਼ੁਬਾਨ ‘ਤੇ ਹਨ। ਅਰਿਜੀਤ ਸਿੰਘ ਨੇ ਆਪਣੀ ਜਾਦੂਈ ਆਵਾਜ਼ ਨਾਲ ਲੱਖਾਂ ਨੂੰ ਦੀਵਾਨਾ ਬਣਾਇਆ ਹੈ। ਦੱਸ ਦਈਏ ਕਿ ਹੁਣ ਗਾਇਕ ਅਰਿਜੀਤ ਸਿੰਘ ਦਾ ਚੰਡੀਗੜ੍ਹ ਦੇ ਸੈਕਟਰ 34 ਪ੍ਰਦਰਸ਼ਨੀ ਗਰਾਊਂਡ ਵਿਚ 4 ਨਵੰਬਰ ਨੂੰ Live Show ਹੋਣ ਜਾ ਰਿਹਾ ਹੈ।
ਪਰ ਹੁਣ ਕਿਹਾ ਜਾ ਰਿਹਾ ਹੈ ਕਿ ਪੁਲਿਸ ਵੱਲੋਂ ਇਸ ਦੀ ਇਜਾਜ਼ਤ ਨਹੀਂ ਦਿਤੀ ਜਾ ਰਹੀ ਹੈ। ਪੁਲਿਸ ਨੇ ਡੀਸੀ ਨੂੰ ਪ੍ਰਦਰਸ਼ਨੀ ਮੈਦਾਨ ਦੇ ਆਲੇ-ਦੁਆਲੇ ਵਾਹਨਾਂ ਲਈ ਪਾਰਕਿੰਗ ਦੇ ਪ੍ਰਬੰਧ ਨਾ ਹੋਣ ਦਾ ਹਵਾਲਾ ਦਿਤਾ ਹੈ। ਪੁਲਿਸ ਨੇ ਅਪਣੇ ਪੱਤਰ ਵਿਚ ਲਿਖਿਆ ਹੈ ਕਿ ਗਾਇਕ ਅਰਿਜੀਤ ਸਿੰਘ ਦੇ ਸ਼ੋਅ ਵਿਚ ਕਰੀਬ 25 ਹਜ਼ਾਰ ਲੋਕਾਂ ਦੇ ਆਉਣ ਦੀ ਉਮੀਦ ਹੈ। ਇਸ ਵਿਚ ਸ਼ੋਅ ਦੌਰਾਨ 7 ਹਜ਼ਾਰ ਵਾਹਨ ਚੰਡੀਗੜ੍ਹ ਪਹੁੰਚ ਸਕਦੇ ਹਨ। ਅਜਿਹੇ ‘ਚ ਜੇਕਰ ਪ੍ਰਦਰਸ਼ਨੀ ਗਰਾਊਂਡ ‘ਚ ਇਹ ਲਾਈਵ ਸ਼ੋਅ ਕੀਤਾ ਜਾਂਦਾ ਹੈ ਤਾਂ ਉਥੇ ਵਾਹਨਾਂ ਦੀ ਪਾਰਕਿੰਗ ਦੀ ਜਗ੍ਹਾ ਨਾ ਹੋਣ ਕਾਰਨ ਟਰੈਫਿਕ ਵਿਵਸਥਾ ਵਿਗੜ ਸਕਦੀ ਹੈ। ਇਸ ਲਈ ਇਹ ਸ਼ੋਅ ਸੈਕਟਰ 34 ਵਿਚ ਨਹੀਂ ਕਰਵਾਇਆ ਜਾ ਸਕਦਾ।