ਭਾਰਤ ਅਤੇ ਪਾਕਿਸਤਾਨ ਵਿਚਾਲੇ ਸ਼ਨੀਵਾਰ ਨੂੰ ਅਹਿਮਦਾਬਾਦ ‘ਚ ਮੈਚ ਖੇਡਿਆ ਜਾਵੇਗਾ। ਵਿਸ਼ਵ ਕੱਪ 2023 ਦੇ ਇਸ ਮੈਚ ਦਾ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਭਾਰਤੀ ਟੀਮ ਦੇ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਅਹਿਮਦਾਬਾਦ ਪਹੁੰਚ ਗਏ ਹਨ। ਟੀਮ ਇੰਡੀਆ ਦੇ ਹੋਰ ਖਿਡਾਰੀ ਅੱਜ ਦੁਪਹਿਰ ਨੂੰ ਅਹਿਮਦਾਬਾਦ ਪਹੁੰਚ ਜਾਣਗੇ।
ਦਰਅਸਲ ਸ਼ੁਭਮਨ ਗਿੱਲ ਡੇਂਗੂ ਤੋਂ ਪੀੜਤ ਸਨ। ਇਸ ਲਈ ਉਹ ਪਹਿਲੇ ਦੋ ਮੈਚਾਂ ਵਿੱਚ ਟੀਮ ਦਾ ਹਿੱਸਾ ਨਹੀਂ ਸੀ। ਉਹ ਪਹਿਲੇ ਮੈਚ ਤੋਂ ਬਾਅਦ ਚੇਨਈ ‘ਚ ਹੀ ਰਹੇ। ਭਾਰਤ ਨੇ ਆਪਣਾ ਪਹਿਲਾ ਮੈਚ 8 ਅਕਤੂਬਰ ਨੂੰ ਚੇਨਈ ਵਿੱਚ ਆਸਟਰੇਲੀਆ ਖ਼ਿਲਾਫ਼ ਖੇਡਿਆ ਸੀ। ਟੀਮ ਇੰਡੀਆ ਦਾ ਦੂਜਾ ਮੈਚ 11 ਅਕਤੂਬਰ ਨੂੰ ਦਿੱਲੀ ‘ਚ ਅਫਗਾਨਿਸਤਾਨ ਨਾਲ ਸੀ।
ਗਿੱਲ ਦੂਜੇ ਮੈਚ ਲਈ ਟੀਮ ਨਾਲ ਦਿੱਲੀ ਨਹੀਂ ਗਏ। ਉਨ੍ਹਾਂ ਨੂੰ ਚੇਨਈ ਦੇ ਇੱਕ ਹਸਪਤਾਲ ਵਿੱਚ ਵੀ ਭਰਤੀ ਕਰਵਾਇਆ ਗਿਆ ਸੀ। ਸਪੋਰਟਸ ਵੈੱਬਸਾਈਟ ਕ੍ਰਿਕਬਜ਼ ਮੁਤਾਬਕ ਗਿੱਲ ਬੁੱਧਵਾਰ ਦੇਰ ਰਾਤ ਅਹਿਮਦਾਬਾਦ ਪਹੁੰਚ ਗਏ ਹਨ ਪਰ ਭਾਰਤ-ਪਾਕਿਸਤਾਨ ਮੈਚ ‘ਚ ਉਨ੍ਹਾਂ ਦੇ ਖੇਡਣ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਜੇਕਰ ਗਿੱਲ ਫਿੱਟ ਰਹਿੰਦੇ ਹਨ ਤਾਂ ਉਹ ਪਲੇਇੰਗ ਇਲੈਵਨ ‘ਚ ਜਗ੍ਹਾ ਪਾ ਸਕਦੇ ਹਨ।