ਇਜ਼ਰਾਈਲ ਅਤੇ ਫਿਲਸਤੀਨ ਵਿਚਾਲੇ ਚੱਲ ਰਹੀ ਜੰਗ ਵਿੱਚਕਾਰ ਫਸੀ ਬਾਲੀਵੁੱਡ ਅਦਾਕਾਰਾ ਨੁਸਰਤ ਭਰੂਚਾ ਲਗਾਤਾਰ ਸੁਰਖੀਆਂ ਵਿੱਚ ਬਣੀ ਹੋਈ ਹੈ। ਅਜਿਹੇ ‘ਚ ਅਦਾਕਾਰਾ ਨੁਸਰਤ ਉੱਥੋਂ ਨਿਕਲ ਕੇ ਵਾਪਸ ਭਾਰਤ ਪਰਤ ਆਈ ਹੈ। ਹਾਲਾਂਕਿ ਜਦੋਂ ਅਦਾਕਾਰਾ ਵਾਪਿਸ ਆਈ ਤਾਂ ਉਹ ਸਦਮੇ ਵਿੱਚ ਸੀ। ਇਸ ਵਾਪਸੀ ਤੋਂ ਦੋ ਦਿਨਾਂ ਬਾਅਦ ਅਦਾਕਾਰਾ ਵੱਲੋਂ ਉਸ ਖੌਫਨਾਕ ਮੰਜ਼ਰ ਨੂੰ ਇੱਕ ਪੋਸਟ ਰਾਹੀ ਬਿਆਨ ਕੀਤਾ ਗਿਆ ਹੈ।
ਨੁਸਰਤ ਨੇ ਕਿਹਾ, ‘ਮੈਂ ਵਾਪਸ ਆ ਗਈ ਹਾਂ। ਮੈਂ ਸੁਰੱਖਿਅਤ ਹਾਂ, ਠੀਕ ਹਾਂ, ਪਰ ਦੋ ਦਿਨ ਪਹਿਲਾਂ ਮੈਂ ਇੱਕ ਹੋਟਲ ਦੇ ਕਮਰੇ ਵਿੱਚ ਸੀ ਅਤੇ ਜਦੋਂ ਮੇਰੀ ਨੀਂਦ ਖੁੱਲ੍ਹੀ ਤਾਂ ਚਾਰੇ ਪਾਸੇ ਬੰਬ ਧਮਾਕਿਆਂ ਦੀਆਂ ਆਵਾਜ਼ਾਂ ਆ ਰਹੀਆਂ ਸਨ। ਇਸ ਤੋਂ ਬਾਅਦ ਸਾਨੂੰ ਬੇਸਮੈਂਟ ਵਿੱਚ ਲਿਜਾਇਆ ਗਿਆ। ਮੈਂ ਪਹਿਲਾਂ ਕਦੇ ਵੀ ਅਜਿਹੀ ਸਥਿਤੀ ਵਿੱਚ ਨਹੀਂ ਪਈ ਸੀ। ਪਰ ਅੱਜ ਜਦੋਂ ਮੈਂ ਆਪਣੇ ਘਰ ਵਿੱਚ ਉੱਠੀ ਤਾਂ ਆਪਣੇ ਆਪ ਨੂੰ ਸੁਰੱਖਿਅਤ ਪਾਇਆ ਤਾਂ ਮੈਨੂੰ ਅਹਿਸਾਸ ਹੋਇਆ ਕਿ ਇਹ ਕਿੰਨੀ ਵੱਡੀ ਗੱਲ ਹੈ। ਅਸੀਂ ਇਸ ਦੇਸ਼ ਵਿੱਚ ਹੋਣ ਲਈ ਬਹੁਤ ਖੁਸ਼ਕਿਸਮਤ ਹਾਂ, ਅਸੀਂ ਸੁਰੱਖਿਅਤ ਹਾਂ।“ ਇਸ ਤੋਂ ਇਲਾਵਾ ਨੁਸਰਤ ਨੇ ਆਪਣੀ ਸੁਰੱਖਿਅਤ ਭਾਰਤ ਵਾਪਸੀ ਲਈ ਭਾਰਤ ਸਰਕਾਰ, ਭਾਰਤੀ ਅਤੇ ਇਜ਼ਰਾਇਲੀ ਦੂਤਾਵਾਸਾਂ ਦਾ ਵੀ ਧੰਨਵਾਦ ਕੀਤਾ ਹੈ। ਨਾਲ ਹੀ ਆਸ ਪ੍ਰਗਟਾਈ ਕਿ ਜਲਦੀ ਹੀ ਸ਼ਾਂਤੀ ਕਾਇਮ ਹੋਵੇਗੀ।