ਹਾਲ ਹੀ ‘ਚ ਚੋਣ ਕਮਿਸ਼ਨ ਨੇ 5 ਸੂਬਿਆ ਯਾਨੀ ਕਿ ਮੱਧ ਪ੍ਰਦੇਸ਼, ਰਾਜਸਥਾਨ, ਤੇਲੰਗਾਨਾ, ਛੱਤੀਸਗੜ੍ਹ ਅਤੇ ਮਿਜ਼ੋਰਮ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਰੀਕਾ ਦਾ ਐਲਾਨ ਕਰ ਦਿੱਤਾ ਹੈ। ਦੱਸ ਦਈਏ ਕਿ ਮੱਧ ਪ੍ਰਦੇਸ਼ ਵਿੱਚ 17 ਨਵੰਬਰ ਨੂੰ ਵੋਟਾਂ ਪੈਣਗੀਆਂ। ਰਾਜਸਥਾਨ ਵਿੱਚ 23 ਨਵੰਬਰ, ਛੱਤੀਸਗੜ੍ਹ ‘ਚ 7 ਨਵੰਬਰ, ਮਿਜ਼ੋਰਮ ‘ਚ 7 ਨਵੰਬਰ ਅਤੇ ਤੇਲੰਗਾਨਾ ‘ਚ 30 ਨਵੰਬਰ ਨੂੰ ਵੋਟਿੰਗ ਹੋਵੇਗੀ। ਸਾਰੇ ਰਾਜਾਂ ਦੇ ਨਤੀਜੇ 3 ਦਸੰਬਰ ਨੂੰ ਐਲਾਨੇ ਜਾਣਗੇ।
ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਚੋਣਾਂ ਦੀ ਜਣਕਰੀ ਦਿੰਦੇ ਹੋਏ ਦੱਸਿਆ ਕਿ “ਭਾਜਪਾ ਸ਼ਾਸਿਤ ਮੱਧ ਪ੍ਰਦੇਸ਼ 230 ਵਿਧਾਨ ਸਭਾ ਹਲਕਿਆਂ ਤੋਂ ਵਿਧਾਇਕਾਂ ਦੀ ਚੋਣ ਕਰੇਗੀ ਜਦਕਿ ਕਾਂਗਰਸ ਸ਼ਾਸਿਤ ਰਾਜਸਥਾਨ ਵਿਧਾਨ ਸਭਾ ‘ਚ 200 ਸੀਟਾਂ ਹਨ । ਤੇਲੰਗਾਨਾ ‘ਚ ਸੱਤਾਧਾਰੀ ਭਾਰਤ ਰਾਸ਼ਟਰ ਸਮਿਤੀ 119 ਵਿਧਾਨ ਸਭਾ ਸੀਟਾਂ ‘ਤੇ ਭਾਜਪਾ ਅਤੇ ਕਾਂਗਰਸ ਨਾਲ ਭਿੜੇਗੀ। 90 ਸੀਟਾਂ ਵਾਲੀ ਛੱਤੀਸਗੜ੍ਹ ਵਿਧਾਨ ਸਭਾ ਵਿੱਚ, ਕਾਂਗਰਸ ਭਾਜਪਾ ਨਾਲ ਲੜਨ ਲਈ ਪੂਰੀ ਤਰ੍ਹਾਂ ਤਿਆਰ ਹੈ ਜਦੋਂ ਕਿ ਦੋਵੇਂ ਪਾਰਟੀਆਂ ਮਿਜ਼ੋਰਮ ਦੀ 40 ਸੀਟਾਂ ਵਾਲੀ ਵਿਧਾਨ ਸਭਾ ਵਿੱਚ ਪੈਰ ਜਮਾਉਣ ਦੀ ਕੋਸ਼ਿਸ਼ ਕਰਨਗੀਆਂ, ਜਿਸ ਦੀ ਅਗਵਾਈ ਇਸ ਵੇਲੇ ਮਿਜ਼ੋ ਨੈਸ਼ਨਲ ਫਰੰਟ ਕਰ ਰਹੀ ਹੈ । ਇਨ੍ਹਾਂ ਪੰਜ ਰਾਜਾਂ ਵਿੱਚ ਕੁੱਲ 679 ਵਿਧਾਨ ਸਭਾ ਹਲਕਿਆਂ ਵਿੱਚ ਵੋਟਾਂ ਪੈਣਗੀਆਂ। ਇਸ ਚੋਣ ਵਿੱਚ 18 ਤੋਂ 19 ਸਾਲ ਦੀ ਉਮਰ ਦੇ 60 ਲੱਖ ਤੋਂ ਵੱਧ ਪਹਿਲੀ ਵਾਰ ਵੋਟਰ ਆਪਣੀ ਵੋਟ ਪਾਉਣਗੇ, “
ਸੀਈਸੀ ਨੇ ਦੱਸਿਆ ਕਿ ਬਜ਼ੁਰਗਾਂ ਅਤੇ ਸਰੀਰਕ ਅਪਾਹਜ ਵਿਅਕਤੀਆਂ ਲਈ ਘਰ ਦੀ ਸਹੂਲਤ ਤੋਂ ਵੋਟ ਪਾਈ ਜਾਵੇਗੀ। ਪੰਜ ਰਾਜਾਂ ਵਿੱਚ 1.77 ਲੱਖ ਪੋਲਿੰਗ ਸਟੇਸ਼ਨ ਹੋਣਗੇ, ਜਿੱਥੇ ਪਖਾਨੇ, ਪੀਣ ਵਾਲੇ ਪਾਣੀ, ਰੈਂਪ ਅਤੇ ਸਾਈਨੇਜ ਵਰਗੀਆਂ ਸਾਰੀਆਂ ਬੁਨਿਆਦੀ ਸਹੂਲਤਾਂ ਹਨ । ਤੇਲੰਗਾਨਾ ਵਿੱਚ ਵਿਧਾਨ ਸਭਾ ਦੀ ਮਿਆਦ ਅਗਲੇ ਸਾਲ 16 ਜਨਵਰੀ ਨੂੰ ਖਤਮ ਹੋ ਰਹੀ ਹੈ। ਛੱਤੀਸਗੜ੍ਹ, ਰਾਜਸਥਾਨ, ਮੱਧ ਪ੍ਰਦੇਸ਼ ਅਤੇ ਮਿਜ਼ੋਰਮ ਦਾ ਕਾਰਜਕਾਲ ਕ੍ਰਮਵਾਰ 14 ਜਨਵਰੀ, 3 ਜਨਵਰੀ, 6 ਜਨਵਰੀ ਅਤੇ 17 ਦਸੰਬਰ ਨੂੰ ਖਤਮ ਹੋਵੇਗਾ ।
ਪੰਜ ਰਾਜਾਂ ਦੀਆਂ ਚੋਣਾਂ ਕੇਂਦਰ ਵਿੱਚ ਸੱਤਾਧਾਰੀ ਭਾਜਪਾ ਅਤੇ ਨਵੇਂ ਬਣੇ ਵਿਰੋਧੀ ਧਿਰ I.N.D.I. ਗਠਜੋੜ ਬਲਾਕ ਦੋਵਾਂ ਲਈ ਅਹਿਮ ਹਨ । ਜਦੋਂ ਕਿ ਕੇਸੀਆਰ ਦੀ ਅਗਵਾਈ ਵਾਲੀ ਭਾਰਤ ਰਾਸ਼ਟਰ ਸਮਿਤੀ (ਬੀਆਰਐਸ) ਜੋ ਕਿ I.N.D.I. ਗਠਜੋੜ ਦਾ ਹਿੱਸਾ ਨਹੀਂ ਹੈ, ਤੇਲੰਗਾਨਾ ਵਿੱਚ ਸੱਤਾ ਵਿੱਚ ਹੈ, ਕਾਂਗਰਸ ਰਾਜਸਥਾਨ ਅਤੇ ਛੱਤੀਸਗੜ੍ਹ ਵਿੱਚ ਰਾਜ ਕਰ ਰਹੀ ਹੈ । ਮਿਜ਼ੋਰਮ ਵਿੱਚ ਮਿਜ਼ੋ ਨੈਸ਼ਨਲ ਫਰੰਟ (MNF) ਸੱਤਾ ਵਿੱਚ ਹੈ ।