ਸਤਲੁਜ ਯਮੁਨਾ ਲਿੰਕ ਨਹਿਰ ਵਿਵਾਦ ਨੂੰ ਲੈ ਕੇ ਅੱਜ ਜਦ ਪੰਜਾਬ ਕਾਂਗਰਸ ਦੇ ਆਗੂ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਚੰਡੀਗੜ੍ਹ ਵਿਚ ਮੰਗ ਪੱਤਰ ਸੌਂਪਣ ਜਾ ਰਹੇ ਸਨ ਤਾ ਗਵਰਨਰ ਹਾਊਸ ਪਹੁੰਚਣ ਤੋਂ ਪਹਿਲਾਂ ਹੀ ਚੰਡੀਗੜ੍ਹ ਪੁਲਿਸ ਨੇ ਉਨ੍ਹਾਂ ਨੂੰ ਰੋਕ ਲਿਆ| ਚੰਡੀਗੜ੍ਹ ਪੁਲਿਸ ਵਲੋ ਉਨ੍ਹਾਂ ਨੂੰ ਰੋਕਣ ਲਈ ਬੈਰੀਕੇਡਿੰਗ ਕੀਤੀ ਗਈ, ਜਦ ਕਾਂਗਰਸੀ ਆਗੂ ਨਹੀ ਰੁਕੇ ਤਾਂ ਪੁਲੀਸ ਨੇ ਉਨ੍ਹਾਂ ਨੂੰ ਰੋਕਣ ਲਈ ਪਾਣੀ ਦੀਆਂ ਬੁਝਾੜਾਂ ਦੀ ਵਰਤੋਂ ਕੀਤੀ|
ਫਿਰ ਕਾਂਗਰਸੀ ਵਰਕਰਾਂ ਨੇ ਪੁਲੀਸ ਵੱਲੋਂ ਲਾਏ ਬੈਰੀਕੇਡ ਤੋੜਨ ਦੀ ਕੋਸ਼ਿਸ਼ ਕੀਤੀ ਜਿਸ ਵਿਚ ਉਹ ਸਫਲ ਨਹੀ ਹੋ ਪਾਏ | ਪੁਲਿਸ ਨੇ ਪਹਿਲਾਂ ਵਾਟਰ ਕੈਨਨ ਦੀ ਵਰਤੋਂ ਕਰਕੇ ਕਾਂਗਰਸੀ ਵਰਕਰਾਂ ਨੂੰ ਖਦੇੜਿਆਂ ਜਿਸ ਤੋ ਬਾਅਦ ਵੱਡੀ ਗਿਣਤੀ ਵਿੱਚ ਆਗੂਆਂ ਤੇ ਵਰਕਰਾਂ ਨੂੰ ਗ੍ਰਿਫ਼ਤਾਰ ਕਰ ਲਿਆ। ਫਿਰ ਉਨ੍ਹਾ ਨੂੰ ਕੁਝ ਸਮਾਂ ਬਾਅਦ ਛੱਡ ਦਿੱਤਾ ਗਿਆ । ਇਸ ਦੌਰਾਨ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਉਹ ਪੰਜਾਬ ਦੇ ਪਾਣੀ ਦੀ ਇੱਕ ਬੂੰਦ ਵੀ ਕਿਸੇ ਸੂਬੇ ਨੂੰ ਨਹੀਂ ਦੇਣ ਦੇਣਗੇ।
ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਦੋਸ਼ ਲਾਏ ਕਿ ਆਮ ਆਦਮੀ ਪਾਰਟੀ ਐਸਵਾਈਐਲ ਦੇ ਮੁੱਦੇ ‘ਤੇ ਦੋਹਰੇ ਮਾਪਦੰਡ ਅਪਣਾ ਰਹੀ ਹੈ ਮੁੱਦਾ ਦਰਅਸਲ ਇਹ ਹੈ ਕਿ ਪੰਜਾਬ ਦੇ ਵਕੀਲ ਨੇ ਸੁਪਰੀਮ ਕੋਰਟ ‘ਚ ਕਿਹਾ ਕਿ ਉਹ ਨਹਿਰ ਬਣਾਉਣਾ ਚਾਹੁੰਦੇ ਹਨ ਪਰ ਵਿਰੋਧੀ ਧਿਰ ਅਤੇ ਕਿਸਾਨ ਜਥੇਬੰਦੀ ਇਸ ਨੂੰ ਬਣਨ ਨਹੀਂ ਦੇ ਰਹੀ, ਪਰ ਮੁੱਖ ਮੰਤਰੀ ਨੇ ਵਿਰੋਧੀ ਧਿਰ ਨੂੰ ਚੁਣੌਤੀ ਦੇ ਕੇ ਮੁੱਦੇ ਤੋ ਭਟਕਾਉਣ ਦੀ ਕੋਸ਼ਿਸ਼ ਕੀਤੀ । ਵੜਿੰਗ ਨੇ ਕਿਹਾ ਕਿ ਵਿਰੋਧੀ ਧਿਰ ਹਮੇਸ਼ਾ ਸੱਤਾਧਾਰੀ ਪਾਰਟੀ ਤੋਂ ਜਵਾਬ ਮੰਗਦੀ ਹੈ ਪਰ ਮੁੱਖ ਮੰਤਰੀ ਭਗਵੰਤ ਮਾਨ ਵਿਰੋਧੀ ਧਿਰ ਤੋਂ ਜਵਾਬ ਮੰਗ ਰਹੇ ਹਨ ।